ਲੁਧਿਆਣਾ, 8 ਸਤੰਬਰ : ਗੁਲਜ਼ਾਰ ਕਾਲਜ ਆਫ਼ ਇੰਸਟੀਚਿਊਟ ਦੇ ਮਾਲਕ ਹਰਕੀਰਤ ਸਿੰਘ ਅਤੇ ਗੁਰਕੀਰਤ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਜੇਆਈਐਸ ਕਾਲਜ ਆਫ਼ ਇੰਜੀਨੀਅਰਿੰਗ, ਕੋਲਕਾਤਾ ਨਾਲ ਜ਼ਮੀਨ ਦੇ ਸੌਦੇ ਵਿੱਚ 25 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਹਰਕੀਰਤ ਸਿੰਘ ਨੇ ਗੁਰਕੀਰਤ ਸਿੰਘ ਨੇ ਜੇਆਈਐਸ ਕਾਲਜ ਨਾਲ ਜ਼ਮੀਨ ਦਾ ਸੌਦਾ ਕੀਤਾ ਸੀ ਅਤੇ ਉਨ੍ਹਾਂ ਤੋਂ 25 ਕਰੋੜ ਰੁਪਏ ਲੈਣ ਦੇ ਬਾਵਜੂਦ ਉਸ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ। ਜਿਸ ਕਾਰਨ ਜੀਆਈਐਸ ਕਾਲਜ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਭਰਾ ਕਾਫੀ ਸਮੇਂ ਤੋਂ ਜਾਇਦਾਦ ਦੇ ਵਿਵਾਦ ‘ਚ ਫਸੇ ਹੋਏ ਹਨ। ਇਨ੍ਹਾਂ ਦੋਵਾਂ ਭਰਾਵਾਂ ਦਾ ਢੋਲੇਵਾਲ ਸਥਿਤ ਗੁਲਜ਼ਾਰ ਸਰਵਿਸ ਸਟੇਸ਼ਨ ਨੂੰ ਲੈ ਕੇ ਵੀ ਆਪੋ-ਆਪਣੇ ਪਰਿਵਾਰਕ ਝਗੜੇ ਚੱਲ ਰਹੇ ਹਨ। ਇਸ ਕੇਸ ਅਨੁਸਾਰ ਵੀ ਇਸ ਸਰਵਿਸ ਸਟੇਸ਼ਨ ’ਤੇ ਉਨ੍ਹਾਂ ਵੱਲੋਂ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ। ਹਾਲਾਂਕਿ, ਇਹ ਸਾਰਾ ਵਿਵਾਦ ਅਦਾਲਤ ਵਿੱਚ ਵਿਚਾਰ ਅਧੀਨ ਹੈ, ਦੋਵਾਂ ਭਰਾਵਾਂ ‘ਤੇ ਜੇਆਈਐਸ ਗਰੁੱਪ ਕੋਲਕਾਤਾ ਨੂੰ 25 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਆਡਿਟ ਦੌਰਾਨ ਇਹ ਧੋਖਾਧੜੀ ਸਾਹਮਣੇ ਆਈ ਹੈ। ਕੋਲਕਾਤਾ ਤੋਂ ਆਈ ਟੀਮ ਨੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਦੋਵਾਂ ਭਰਾਵਾਂ ਤੋਂ ਕਰੀਬ ਇੱਕ ਘੰਟੇ ਤੱਕ ਪੁੱਛਗਿੱਛ ਕੀਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਟੀਮ ਨੇ ਰਾਤ ਕਰੀਬ 11.15 ਵਜੇ ਕੁਝ ਦਸਤਾਵੇਜ਼ ਵੀ ਚੈੱਕ ਕੀਤੇ ਹਨ, ਜਿਸ ‘ਤੇ ਪੁਲਸ ਨੇ ਦੋਸ਼ੀ ਦਾ ਮੈਡੀਕਲ ਕਰਵਾਇਆ। ਕੋਲਕਾਤਾ ਦੀ ਟੀਮ ਨੇ ਉਸ ਨੂੰ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ। ਕੋਲਕਾਤਾ ਲੈ ਜਾਵੇਗਾ। ਇਸ ਮਾਮਲੇ ਸਬੰਧੀ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੇਰ ਰਾਤ ਤੱਕ ਚੁੱਪ ਧਾਰੀ ਰੱਖੀ।