ਦਿੱਲੀ,18 ਸਤੰਬਰ : ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਹਿੰਦੂ ਸੈਨਾ (ਐਸ) ਦੇ ਪ੍ਰਧਾਨ ਸੁਰਜੀਤ ਯਾਦਵ ਨੇ ਦਾਇਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿੱਟੂ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਇਸ ਨੂੰ ਲੈ ਕੇ ਸਿਆਸੀ ਲੜਾਈ ਚੱਲ ਰਹੀ ਹੈ ਅਤੇ ਕਾਂਗਰਸ ਨੇ ਬਿੱਟੂ ਅਤੇ ਭਾਜਪਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਜਨਹਿਤ ਪਟੀਸ਼ਨ ਨੇ ਬਿੱਟੂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੀਆਂ ਟਿੱਪਣੀਆਂ ਨਾਲ ਵਿਆਪਕ ਹਿੰਸਾ ਅਤੇ ਅਸ਼ਾਂਤੀ ਫੈਲਣ ਦੀ ਸੰਭਾਵਨਾ ਹੈ। ਬਿੱਟੂ ਦੀਆਂ ਟਿੱਪਣੀਆਂ ਕਾਰਨ ਜਨਤਕ ਸ਼ਾਂਤੀ ਅਤੇ ਸਦਭਾਵਨਾ ਨੂੰ ਸੰਭਾਵਿਤ ਖਤਰੇ ਦਾ ਖਦਸ਼ਾ ਜਤਾਉਂਦਿਆਂ ਪਟੀਸ਼ਨਰ ਨੇ ਅਦਾਲਤ ਨੂੰ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀ ਆਗੂ ‘ਤੇ ਨਿਸ਼ਾਨਾ ਸਾਧਿਆ ਸੀ। ਬਿੱਟੂ ਨੇ ਰਾਹੁਲ ਨੂੰ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਅੱਤਵਾਦੀ ਦੱਸਿਆ। ਭਾਗਲਪੁਰ ‘ਚ ਇਕ ਪ੍ਰੋਗਰਾਮ ਦੌਰਾਨ ਬਿੱਟੂ ਨੇ ਰਾਹੁਲ ਗਾਂਧੀ ਬਾਰੇ ਕਿਹਾ, ਪਹਿਲਾਂ ਤਾਂ ਉਹ ਭਾਰਤੀ ਨਹੀਂ ਹਨ। ਉਸ ਨੇ ਬਹੁਤ ਸਮਾਂ ਵਿਦੇਸ਼ ਵਿੱਚ ਬਿਤਾਇਆ ਹੈ। ਉਸ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਉੱਥੇ ਮੌਜੂਦ ਹਨ, ਇਸ ਲਈ ਉਹ ਆਪਣੇ ਦੇਸ਼ ਨਾਲ ਬਹੁਤਾ ਪਿਆਰ ਨਹੀਂ ਕਰਦਾ। ਉਹ ਬਾਹਰ ਜਾ ਕੇ ਗਲਤ ਬੋਲਦਾ ਹੈ।