ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਧੀ ਜੈਇੰਦਰ ਕੌਰ ਦੇ ਬਾਅਦ ਹੁਣ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਕਾਂਗਰਸ ਨੂੰ ਛੱਡ ਕੇ ਅੱਜ ਭਾਜਪਾ ਵਿਚ ਸ਼ਾਮਲ ਹੋ ਜਾਣਗੇ। ਪ੍ਰਨੀਤ ਕੌਰ ਪਿਛਲੇ 25 ਸਾਲਾਂ ਤੋਂ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜਦੀ ਆ ਰਹੀ ਹੈ। ਉਹ ਇਸ ਸੀਟ ਤੋਂ ਭਾਜਪਾ ਉਮੀਦਵਾਰ ਹੋ ਸਕਦੇ ਹਨ। ਅੱਜ ਦੁਪਹਿਰ 1.30 ਵਜੇ ਦਿੱਲੀ ਵਿਖੇ BJP ‘ਚ ਸ਼ਾਮਿਲ ਹੋਣਗੇ ।
ਪਿਛਲੇ 30 ਸਾਲਾਂ ਵਿਚ ਪਟਿਆਲਾ ਸੀਟ ਦੇ ਰਾਜਨੀਤਕ ਇਤਿਹਾਸ ਵਿਚ ਪਹਿਲਾ ਮੌਕਾ ਹੋਵੇਗਾ ਜਦੋਂ ਭਾਜਪਾ ਦਾ ਕੋਈ ਉਮੀਦਵਾਰ ਇਸ ਸੀਟ ਤੋਂ ਚੋਣ ਲੜੇਗਾ। ਦੋ ਵਾਰ ਦੇ ਪੰਜਾਬ ਦੇ ਮੁੱਖ ਮੰਤਰੀ ਤੇ ਸਾਬਕਾ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਸਾਂਸਦ ਪ੍ਰਨੀਤ ਕੌਰ ਨੂੰ 3 ਫਰਵਰੀ 2023 ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਇਸ ਦੇ ਬਾਅਦ ਵੀ ਪ੍ਰਨੀਤ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੀ ਰਹੀ ਤੇ ਉਦੋਂ ਤੋਂ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਲੋਕ ਸਭਾ ਚੋਣਾਂ ਦੇ ਕਰੀਬ ਆ ਕੇ ਪ੍ਰਨੀਤ ਕੌਰ ਭਾਜਪਾ ਵਿਚ ਸ਼ਾਮਲ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਕਾਂਗਰਸ ਛੱਡਣ ਦੇ ਬਾਅਦ ਕੈਪਟਨ ਨੇ ਪੰਜਾਬ ਲੋਕ ਕਾਂਗਰਸ ਦਾ ਗਠਨ ਕਰਕੇ ਭਾਜਪਾ ਨਾਲ ਗਠਜੋਰ ਕੀਤਾ ਸੀ। 2022 ਦੀਆਂ ਵਿਧਾਨ ਸਭਾ ਵਿਚ ਇਸ ਸੀਟ ਤੋਂ ਪੀਐੱਲਸੀ ਦੇ ਉਮੀਦਵਾਰ ਵਜੋਂ ਕੈਪਟਨ ਅਮਰਿੰਦਰ ਸਿੰਘ ਚੋਣਾਂ ਲੜੇ ਸਨ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਬਾਅਦ ਪੀਐੱਲਸੀ ਦਾ ਭਾਜਪਾ ਵਿਚ ਰਲੇਵਾਂ ਹੋ ਗਿਆ ਸੀ।