ਦਿ ਸਿਟੀ ਹੈਡਲਾਈਨਸ
ਲੁਧਿਆਣਾ, 25 ਅਪ੍ਰੈਲ
ਵਿਜੀਲੈਂਸ ਬਿਊਰੋ ਨੇ ਅੱਜ ਐਨਆਰਆਈ ਥਾਣਾ ਦੇ ਐਸਐਚਓ ਦੇ ਰੀਡਰ ਨੂੰ ਰਿਸ਼ਵਤ ਲੈਂਦਾ ਕਾਬੂ ਕੀਤਾ ਹੈ। ਵਿਜੀਲੈਂਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਮੁਲਜ਼ਮ ਸਿਪਾਹੀ ਬਲਰਾਜ ਸਿੰਘ ਹੈ, ਜਿਸਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੱਗੇ ਹੱਥੀ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਨੇ ਦੱਸਿਆ ਕਿ ਵਿਜੀਲੈਂਸ ਨੇ ਇਸ ਮੁਲਜ਼ਮ ਨੂੰ ਉਪਕਾਰ ਨਗਰ ਵਾਸੀ ਵਕੀਲ ਅਰੂਣ ਖੁਰਮੀ ਦੀ ਸ਼ਿਕਾਇਤ ’ਤੇ ਗਿ੍ਰਫ਼ਤਾਰ ਕੀਤਾ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਕੀਤੀ ਸੀ ਕਿ ਪਿੰਡ ਉਧੋਵਾਲ ਤਹਿਸੀਲ ਸਮਰਾਲਾ ਵਿਖੇ ਉਨ੍ਹਾਂ ਦੀ ਪਤਨੀ ਦੇ ਨਾਮ ’ਤੇ 20 ਕਨਾਲ ਜ਼ਮੀਨ ਹੈ, ਜਿਸ ਉੱਤੇ ਦੋ ਵਿਅਕਤੀਆਂ ਨੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਜਮੀਨ ਵਿਚ ਖੜ੍ਹੇ ਪਾਪੂਲਰ ਦੇ ਦਰੱਖਤ ਵੀ ਚੋਰੀ ਕਰ ਲਏ। ਸ਼ਿਕਾਇਤਕਰਤਾ ਨੇ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜੋਕਿ ਐਸਐਚਓ ਐਨਆਰਆਈ ਸੈਲ ਕੋਲ ਸੀ। ਉਸ ਨੇ ਦੱਸਿਆ ਕਿ ਪੁਲੀਸ ਨੇ ਉਸ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਐਸਐਚਓ ਦੇ ਰੀਡਰ ਬਲਰਾਜ ਸਿੰਘ ਨੇ ਇਸ ਉਪਰ ਕਾਰਵਾਈ ਕਰਵਾਉਣ ਬਦਲੇ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਨੂੰ ਰਿਸ਼ਵਤ ਵਜੋਂ 20000 ਰੁਪਏ ਪਹਿਲਾਂ ਅਤੇ 80000 ਰੁਪਏ ਅਗਲੇ ਹਫਤੇ ਤੱਕ ਦੇਣ ਲਈ ਕਿਹਾ ਹੈ।
ਸ਼ਿਕਾਇਤਕਰਤਾ ਦੇ ਬਿਆਨਾਂ ਦੀ ਪੜਤਾਲ ਉਪਰੰਤ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਸਿਪਾਹੀ ਬਲਰਾਜ ਸਿੰਘ ਨੂੰ ਐਨਆਰਆਈ ਥਾਣਾ ਦੇ ਬਾਹਰੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ਦੀ ਅਗਲੇਰੀ ਜਾਂਚ ਦੌਰਾਨ ਐਸ.ਐਚ.ਓ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇਗੀ। ਇਸਦੇ ਨਾਲ ਹੀ ਪੁਲੀਸ ਮੁਲਜ਼ਮ ਨੂੰ ਸ਼ੁੱਕਰਵਾਰ ਅਦਾਲਤ ਵਿੱਚ ਪੇਸ਼ ਕਰੇਗੀ।