ਦੇਸ਼ ਹੋ ਰਹੀਆਂ ਗਲਤ ਕਾਰਵਾਈਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕਣੇ ਪੈਂਦੇ ਹਨ। ਜਿਸ ਨਾਲ ਦੇਸ਼ ‘ਚ ਹਿੰਸਾ ਨੂੰ ਖ਼ਤਮ ਕੀਤਾ ਜਾ ਸਕੇ। ਮਣੀਪੁਰ ਤੋਂ ਅਜਿਹੀ ਹੀ ਇੱਕ ਤਾਜਾ ਵੱਡੀ ਖਬਰ ਸਾਹਮਣੇ ਆ ਰਹੀ ਹੈ।। ਮਣੀਪੁਰ ਸਰਕਾਰ ਨੇ ਐਤਵਾਰ ਨੂੰ ਸੂਬੇ ਦੇ 9 ਜ਼ਿਲ੍ਹਿਆਂ ‘ਚ ਮੋਬਾਇਲ ਇੰਟਰਨੈੱਟ ਸੇਵਾਵਾਂ ‘ਤੇ ਲੱਗੀ ਰੋਕ ਹੋਰ 2 ਦਿਨਾਂ ਲਈ ਵਧਾ ਕੇ 3 ਦਸੰਬਰ ਤੱਕ ਕਰ ਦਿੱਤਾ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚਾਂਦਪੁਰ, ਕੰਗਪੋਕਪੀ, ਫੇਰਜਾਵਲ ਅਤੇ ਜੀਰੀਬਾਮ ਵਿੱਚ ਇੰਟਰਨੈਟ ‘ਤੇ ਲੱਗੀ ਰੋਕ ਵਧਾ ਦਿੱਤੀ ਗਈ ਹੈ। ਇਹ ਪਾਬੰਦੀ ਇਸ ਕਾਰਨ ਲਗਾਈ ਗਈ ਹੈ ਕੇ ਮਣੀਪੁਰ ਵਿੱਚ ਜਿਰੀਬਾਮ ਜ਼ਿਲ੍ਹੇ ਵਿੱਚ ਇੱਕ ਰਾਹਤ ਕੈਂਪ ਵਿੱਚੋਂ ਮੇਤੇਈ ਭਾਈਚਾਰੇ ਦੀਆਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਹਿੰਸਾ ਵਧ ਗਈ ਸੀ ।
ਇਹ ਘਟਨਾ 11 ਨਵੰਬਰ ਨੂੰ ਸੁਰੱਖਿਆ ਬਲਾਂ ਅਤੇ ਸ਼ੱਕੀ ਕੁਕੀ-ਜੋ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ ਵਿਚ 10 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਹੋਈ। ਬਾਅਦ ਵਿੱਚ ਉਨ੍ਹਾਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸਰਕਾਰ ਵਲੋਂ ਇੰਟਰਨੈੱਟ ਦੀ ਇਹ ਪਾਬੰਦੀ ਇਸ ਕਾਰਨ ਲਗਾਈ ਜਾ ਰਹੀ ਹੈ ਤਾਂ ਜੋ ਹਿੰਸਾ ਨਾ ਫੈਲੇ ਅਤੇ ਸਥਿਤੀ ਪੂਰੀ ਤਰਾਂ ਨਾਲ ਸਰਕਾਰ ਦੇ ਕੰਟਰੋਲ ਦੇ ਵਿਚ ਰਹੇ। ਇਸ ਇੰਟਰਨੈਟ ਪਾਬੰਦੀ ਦਾ ਬਹੁਤ ਸਾਰੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।