ਨਵੀਂ ਦਿੱਲੀ, 4 ਮਈ, 2024: ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਜੂਨ 2023 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਮਲੇ ਦੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡੀਅਨ ਪੁਲਿਸ ਨੇ ਇਸ ਕਤਲ ਨਾਲ ਸਬੰਧਤ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਆਰ.ਸੀ.ਐਮ.ਪੀ ਪੁਲਿਸ ਨੇ ਕਰਨ ਬਰਾੜ, ਕਮਲਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਹੁਣ ਕੈਨੇਡਾ ਵਿਚ ਹਰਜੀਤ ਸਿੰਘ ਨਿੱਝਰ ਦੇ ਕਤਲ ਕਾਂਡ ਵਿਚ ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਕੈਨੇਡੀਅਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡੀਅਨ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਮੁਤਾਬਕ ਐਡਮਿੰਟਨ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਭਾਰਤੀ ਹਨ। ਪੁਲਿਸ ਕਈ ਮਹੀਨਿਆਂ ਤੋਂ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਸੀ।
ਪੁਲਿਸ ਦਾ ਮੰਨਣਾ ਹੈ ਕਿ ਭਾਰਤ ਨੇ ਉਨ੍ਹਾਂ ਨੂੰ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਨਾਂ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਹਨ। ਤਿੰਨਾਂ ਦੀ ਉਮਰ 20 ਸਾਲ ਦੇ ਕਰੀਬ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਤਿੰਨਾਂ ਮੁਲਜ਼ਮਾਂ ਦੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਨਾਲ ਵੀ ਸੰਪਰਕ ਹਨ। ਇਹ ਸਾਰੇ ਆਰਜ਼ੀ ਵੀਜ਼ੇ ‘ਤੇ 2021 ‘ਚ ਕੈਨੇਡਾ ਆਏ ਸਨ। 18 ਜੂਨ, 2023 ਦੀ ਸ਼ਾਮ ਨੂੰ, ਸਰੀ ਸ਼ਹਿਰ ਦੇ ਇੱਕ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।