ਨਵੀਂ ਦਿੱਲੀ/ਲੁਧਿਆਣਾ, 2 ਜੁਲਾਈ : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਪੰਜਾਬ ਅਤੇ ਕੌਮੀ ਸੁਰੱਖਿਆ ਸਬੰਧੀ ਅਹਿਮ ਚਿੰਤਾਵਾਂ ਨੂੰ ਉਠਾਇਆ। ਆਪਣੇ ਵਾਅਦੇ ‘ਤੇ ਖਰਾ ਰਹੇ, ਐਮਪੀ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਕਈ ਅਹਿਮ ਮੁੱਦਿਆਂ ਨੂੰ ਉਜਾਗਰ ਕੀਤਾ ਤੇ ਤੁਰੰਤ ਕਾਰਵਾਈ ਅਤੇ ਨਿਆਂ ਦੀ ਲੋੜ ‘ਤੇ ਜ਼ੋਰ ਦਿੱਤਾ।
ਸੰਸਦ ਮੈਂਬਰ ਵੜਿੰਗ ਨੇ ਪ੍ਰਸਿੱਧ ਗਾਇਕ ਅਤੇ ਯੂਥ ਆਈਕਨ ਸਿੱਧੂ ਮੂਸੇਵਾਲਾ ਦੇ ਦੁਖਦਾਈ ਕਤਲ ਵੱਲ ਧਿਆਨ ਦਿਵਾਇਆ, ਜਿਸ ਨੂੰ ਦਿਨ-ਦਿਹਾੜੇ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਗਈ ਸੀ। ਉਸ ਨੇ ਚਿੰਤਾਜਨਕ ਤੱਥ ਨੂੰ ਰੇਖਾਂਕਿਤ ਕੀਤਾ ਕਿ ਜੇਲ੍ਹ ਦੇ ਅੰਦਰੋਂ ਕੰਮ ਕਰ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਖੁੱਲ੍ਹੇਆਮ ਇਸ ਅਪਰਾਧ ਦੀ ਜਿੰਮੇਵਾਰ ਲਈ ਤੇ ਇਸ ਘਟਨਾ ਨੂੰ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਮੂਸੇਵਾਲਾ ਅਤੇ ਉਸ ਦੇ ਦੁਖੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਵੜਿੰਗ ਨੇ ਰਾਸ਼ਟਰੀ ਸੁਰੱਖਿਆ ਦੀ ਸਥਿਤੀ ‘ਤੇ ਸਵਾਲ ਉਠਾਏ, ਜਿੱਥੇ ਅਜਿਹੇ ਗੈਂਗਸਟਰ ਜੇਲ ‘ਚੋਂ ਸ਼ਰੇਆਮ ਇੰਟਰਵਿਊ ਦੇ ਸਕਦੇ ਹਨ ਅਤੇ ਆਪਣੀਆਂ ਘਿਨਾਉਣੀਆਂ ਹਰਕਤਾਂ ‘ਤੇ ਸ਼ੇਖੀ ਮਾਰ ਸਕਦੇ ਹਨ। ਉਨ੍ਹਾਂ ਮੂਸੇਵਾਲਾ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜੋ ਪੰਜਾਬ ਦੀ ਆਵਾਜ਼ ਸਨ ਅਤੇ ਵਿਸ਼ਵ ਪੱਧਰ ‘ਤੇ ਸੂਬੇ ਅਤੇ ਦੇਸ਼ ਦੀ ਨੁਮਾਇੰਦਗੀ ਕਰਦੇ ਸਨ।
ਲੁਧਿਆਣਾ ਦੇ ਸਾਂਸਦ ਨੇ ਭਾਜਪਾ ਸਰਕਾਰ ਦੌਰਾਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰ ਲਈ ਪ੍ਰਸ਼ਾਸਨ ਦੀ ਆਲੋਚਨਾ ਕੀਤੀ, ਜਿਨ੍ਹਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪਿਆ। ਵੜਿੰਗ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਪ੍ਰਦਾਨ ਕਰਨ ਵਿੱਚ ਅਸਫਲਤਾ ਨੂੰ ਉਜਾਗਰ ਕੀਤਾ, ਜੋ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤਾ ਗਿਆ ਵਾਅਦਾ ਸੀ ਜਿਸ ਕਰਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਹੋਏ। ਉਨ੍ਹਾਂ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਗਈ ਪੁਲਿਸ ਦੀ ਬੇਰਹਿਮੀ ਦੀ ਨਿੰਦਾ ਕੀਤੀ ਅਤੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਿਸਾਨਾਂ ਦੀਆਂ ਮੌਤਾਂ ‘ਤੇ ਸੋਗ ਪ੍ਰਗਟ ਕੀਤਾ।
ਅਗਨੀਵੀਰ ਨੀਤੀ ‘ਤੇ ਚਿੰਤਾ ਜ਼ਾਹਰ ਕਰਦਿਆਂ, ਵੜਿੰਗ ਨੇ ਦਾਅਵਾ ਕੀਤਾ ਕਿ ਅਜਿਹਾ ਲੱਗਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਰੁੱਧ ਕੰਮ ਕਰ ਰਹੀ ਹੈ, ਪੰਜਾਬ ਜੋ ਕਿ ਸਭ ਤੋਂ ਵੱਧ ਸੈਨਿਕ ਮੁਹੱਈਆ ਕਰਵਾਉਣ ਅਤੇ ਦੇਸ਼ ਦਾ ਅੰਨਦਾਤਾ ਹੈ।ਸਰਕਾਰ ਹਮੇਸ਼ਾ ਪੰਜਾਬ ਨੂੰ ਅਣਗੋਲਿਆਂ ਕਰ ਰਹੀ ਹੈ।
ਵੜਿੰਗ ਨੇ ਕੇਂਦਰ ਸਰਕਾਰ ਦੇ ਕੁਸ਼ਾਸਨ ਅਤੇ ਗੈਰ-ਯੋਜਨਾਬੱਧ ਕਾਨੂੰਨਾਂ ਨੂੰ ਵੀ ਸੰਬੋਧਿਤ ਕੀਤਾ, ਜਿਸ ਦੇ ਨਤੀਜੇ ਵਜੋਂ ਪੰਜਾਬ ਵਿੱਚ ਐਮਐਸਐਮਈ ਸੈਕਟਰ ਵਿੱਚ ਗਿਰਾਵਟ ਆਈ ਹੈ। ਸਰਕਾਰ ਵੱਲੋਂ ‘ਮੇਕ ਇਨ ਇੰਡੀਆ’ ਦੇ ਪ੍ਰਚਾਰ ਦੇ ਬਾਵਜੂਦ ਲੁਧਿਆਣਾ ਵਰਗੀਆਂ ਸਨਅਤੀ ਇਕਾਈਆਂ ਅੱਜ ਸੰਘਰਸ਼ ਕਰ ਰਹੀਆਂ ਹਨ, ਜਿਸ ਕਾਰਨ ਜ਼ਰੂਰੀ ਉਦਯੋਗ ਸ਼ਹਿਰ ਤੋਂ ਦੂਰ ਚਲੇ ਗਏ ਹਨ।
ਆਪਣੀ ਸਮਾਪਤੀ ਟਿੱਪਣੀ ਵਿੱਚ, ਐਮਪੀ ਵੜਿੰਗ ਨੇ ਭਾਜਪਾ ਉੱਤੇ ਪਿਛਲੇ ਦਸ ਸਾਲਾਂ ਵਿੱਚ ਦੇਸ਼ ਅਤੇ ਇਸਦੇ ਲੋਕਾਂ ਨੂੰ ਵੰਡਣ ਲਈ ਕੰਮ ਕਰਨ ਦਾ ਦੋਸ਼ ਲਗਾਇਆ। ਉਂਝ ਉਨ੍ਹਾਂ ਸਰਕਾਰ ਅਤੇ ਹਾਜ਼ਰ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕਦੇ ਵੀ ਅਜਿਹੀ ਫੁੱਟ ਪਾਊ ਸਿਆਸਤ ਅੱਗੇ ਝੁਕੇਗਾ ਨਹੀਂ। ਉਨ੍ਹਾਂ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਧਰਮ ਅਧਾਰਤ ਰਾਜਨੀਤੀ ਤੋਂ ਦੂਰ ਹੋ ਕੇ ਦੇਸ਼ ਅਤੇ ਇਸ ਦੇ ਲੋਕਾਂ ਦੀ ਅਸਲ ਬਿਹਤਰੀ ਵੱਲ ਧਿਆਨ ਦੇਣ।