ਮੰਗਲਵਾਰ ਸਵੇਰੇ ਨਵਾਂਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਹਾਦਸੇ ਦਾ ਸ਼ਿਕਾਰ ਹੋ ਗਏ। ਅੰਗਦ ਸੈਣੀ ਨੂੰ ਗੰਭੀਰ ਹਾਲਤ ‘ਚ ਮੋਹਾਲੀ ਦੇ ਮੈਕਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਐਨਾ ਭਿਆਨਕ ਸੀ ਕਿ ਉਨ੍ਹਾਂ ਦੀ ਐਕਸਯੂਵੀ ਕਾਰ ਦਾ ਅਗਲਾ ਹਿੱਸਾ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਦਾ ਡ੍ਰਾਈਵਰ ਗੱਡੀ ਰੋਕ ਕੇ ਰਸਤਾ ਪੁੱਛ ਰਿਹਾ ਸੀ, ਕਿ ਪਿੱਛੇ ‘ਤੋਂ ਆ ਰਹੀ ਫਾਰਚੂਨਰ ਗੱਡੀ ਐਂਬੂਲੈਂਸ ਨਾਲ ਟਕਰਾ ਗਈ।
ਜਾਣਕਾਰੀ ਅਨੁਸਾਰ ਹਾਦਸਾ ਨਵਾਂਸ਼ਹਿਰ ਦੇ ਪਿੰਡ ਕਾਠਗੜ੍ਹ ਅਤੇ ਟੋਂਸਾ ਨੇੜੇ ਵਾਪਰਿਆ। ਉਹ ਨਵਾਂਸ਼ਹਿਰ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ। ਇਸ ਦੌਰਾਨ ਕਾਰ ਇਕ ਐਂਬੂਲੈਂਸ ਨਾਲ ਜਾ ਟਕਰਾਈ ਅਤੇ ਫਿਰ ਡਿਵਾਈਡਰ ਨਾਲ ਟਕਰਾ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਐਂਬੂਲੈਂਸ ਬੁਲਾਈ ਗਈ। ਜਿਸ ਤੋਂ ਬਾਅਦ ਅੰਗਦ ਨੂੰ ਮੋਹਾਲੀ ਦੇ ਮੈਕਸ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਹਾਦਸੇ ਕਾਰਨ ਉਨ੍ਹਾਂ ਦੇ ਸਰੀਰ ‘ਤੇ ਕਾਫੀ ਸੱਟਾਂ ਲੱਗੀਆਂ ਹਨ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹਨ।