ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਲਈ ਚਲਾਈ ਗਈ ਟੋਕਨ ਪ੍ਰਣਾਲੀ ਦਾ ਪਿਛਲੇ 20 ਦਿਨਾਂ ਵਿੱਚ 500 ਦੇ ਕਰੀਬ ਲੋਕਾਂ ਨੇ ਲਾਭ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜੁਲਾਈ ’ਚ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਟੋਕਨ ਪ੍ਰਣਾਲੀ ਅਤੇ ਮੁੱਖ ਮੰਤਰੀ ਸਹਾਇਤਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਵੱਡੀ ਗਿਣਤੀ ਪਟਿਆਲਾ ਵਾਸੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲਾਭ ਚੁੱਕ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੋਈ ਵੀ ਵਸਨੀਕ ਆਪਣੀ ਸਮੱਸਿਆ ਲਈ ਕਿਸੇ ਵੀ ਕੰਮ ਵਾਲੇ ਦਿਨ ਡਿਪਟੀ ਕਮਿਸ਼ਨਰ ਨੂੰ ਮਿਲਣ ਆ ਸਕਦਾ ਹੈ ਅਤੇ ਉਹ ਮੁਲਾਕਾਤ ਲਈ ਰਿਸਪੈਸ਼ਨ ਤੋਂ ਟੋਕਨ ਲੈ ਕੇ ਆਪਣੇ ਮਿਲੇ ਨੰਬਰ ਦੇ ਹਿਸਾਬ ਨਾਲ ਨਿੱਜੀ ਤੌਰ ’ਤੇ ਮਿਲਕੇ ਆਪਣੀ ਸਮੱਸਿਆ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਡਿਪਟੀ ਕਮਿਸ਼ਨਰ ਪੱਧਰ ’ਤੇ ਹੱਲ ਹੋਣ ਵਾਲੀ ਹੁੰਦੀ ਹੈ ਤਾਂ ਉਸ ਦਾ ਤੁਰੰਤ ਨਿਪਟਾਰਾ ਕਰ ਦਿੱਤਾ ਜਾਂਦਾ ਹੈ ਅਤੇ ਜਿਹੜੀ ਸਮੱਸਿਆ ਕਿਸੇ ਹੋਰ ਵਿਭਾਗ ਨਾਲ ਸਬੰਧਤ ਹੁੰਦੀ ਹੈ ਉਹ ਮੁੱਖ ਮੰਤਰੀ ਸਹਾਇਤਾ ਕੇਂਦਰ ਰਾਹੀਂ ਸਬੰਧਤ ਵਿਭਾਗ ਪਾਸ ਭੇਜ ਦਿੱਤੀ ਜਾਂਦੀ ਹੈ ਜਿਸ ਦਾ ਫਾਲੋਅੱਪ ਵੀ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਮੁੱਖ ਮੰਤਰੀ ਸਹਾਇਤਾ ਕੇਂਦਰ ਅਤੇ ਟੋਕਨ ਪ੍ਰਣਾਲੀ ਦੀ ਵਰਤੋਂ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ।
ਜ਼ਿਕਰਯੋਗ ਹੈ ਕਿ 8 ਜੁਲਾਈ ਤੋਂ ਸ਼ੁਰੂ ਹੋਈ ਟੋਕਨ ਪ੍ਰਣਾਲੀ ਰਾਹੀਂ ਹੁਣ ਤੱਕ 500 ਦੇ ਕਰੀਬ ਵਿਅਕਤੀ ਡਿਪਟੀ ਕਮਿਸ਼ਨਰ ਨੂੰ ਮਿਲਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਚੁੱਕੇ ਹਨ। 8 ਜੁਲਾਈ ਨੂੰ 32 ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ, ਜਦਕਿ 9 ਜੁਲਾਈ ਨੂੰ 32 ਟੋਕਨ ਜਾਰੀ ਹੋਏ, 10 ਜੁਲਾਈ ਨੂੰ 20 ਟੋਕਨ, 11 ਜੁਲਾਈ ਨੂੰ 38 ਟੋਕਨ, 12 ਜੁਲਾਈ ਨੂੰ 14 ਟੋਕਨ, 15 ਜੁਲਾਈ ਨੂੰ 35 ਟੋਕਨ, 16 ਜੁਲਾਈ ਨੂੰ 41 ਟੋਕਨ, 17 ਜੁਲਾਈ ਨੂੰ 13 ਟੋਕਨ ਅਤੇ 18 ਜੁਲਾਈ ਨੂੰ 32 ਵਿਅਕਤੀਆਂ ਨੇ ਟੋਕਨ ਪ੍ਰਣਾਲੀ ਦੀ ਵਰਤੋਂ ਕਰਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਇਸੇ ਤਰ੍ਹਾਂ 19 ਜੁਲਾਈ ਨੂੰ 10 ਟੋਕਨ ਜਾਰੀ ਹੋਏ, 22 ਜੁਲਾਈ ਨੂੰ 41 ਟੋਕਨ, 23 ਜੁਲਾਈ ਨੂੰ 33 ਟੋਕਨ, 24 ਜੁਲਾਈ ਨੂੰ 25 ਟੋਕਨ, 25 ਜੁਲਾਈ ਨੂੰ 29 ਟੋਕਨ, 26 ਜੁਲਾਈ ਨੂੰ 23 ਟੋਕਨ, 29 ਜੁਲਾਈ ਨੂੰ 35 ਟੋਕਨ, 30 ਜੁਲਾਈ ਨੂੰ 25 ਟੋਕਨ, 31 ਜੁਲਾਈ ਨੂੰ 13 ਟੋਕਨ ਅਤੇ 1 ਅਗਸਤ ਨੂੰ 26 ਵਿਅਕਤੀਆਂ ਨੇ ਟੋਕਨ ਪ੍ਰਣਾਲੀ ਦੀ ਵਰਤੋਂ ਕਰਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਅਰੰਭੀ ਗਈ।