ਪੰਜਾਬ ਵਿੱਚ ਨਗਰ ਨਿਗਮ ਚੋਣ ਪ੍ਰਚਾਰ ਦੇ ਆਖਰੀ ਦਿਨ ਵੀਰਵਾਰ ਦੇਰ ਸ਼ਾਮ ਲੁਧਿਆਣਾ ਵਿੱਚ ਮਾਹੌਲ ਗਰਮ ਹੋ ਗਿਆ। ਸੂਫੀਆ ਚੌਕ ਨੇੜੇ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ‘ਆਪ’ ਵਰਕਰਾਂ ਦਾ ਦੋਸ਼ ਹੈ ਕਿ ਭਾਜਪਾ ਉਮੀਦਵਾਰ ਦਾ ਪਤੀ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਪ੍ਰਚਾਰ ‘ਚ ਲੱਗੇ ਹੋਏ ਸਨ ਅਤੇ ਲੋਕਾਂ ਨੂੰ ਸ਼ਰਾਬ ਵੰਡ ਰਹੇ ਸੀ।
ਇਸ ਮਾਮਲੇ ਵਿੱਚ ਭਾਜਪਾ ਉਮੀਦਵਾਰ ਦੇ ਪਤੀ ਅਤੇ ਦੋ ਹੋਰ ਵਰਕਰਾਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਵਧਦੇ ਹੰਗਾਮੇ ਨੂੰ ਦੇਖਦਿਆਂ ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੌਕੇ ‘ਤੇ ਪਹੁੰਚ ਗਏ ਸਨ। ਉਨ੍ਹਾਂ ਨੂੰ ‘ਆਪ’ ਵਰਕਰਾਂ ਨੇ ਘੇਰ ਲਿਆ। ਇੱਥੇ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਕੇ ‘ਤੇ ਪਹੁੰਚ ਗਏ ਸਨ।
ਮਾਮਲਾ ਇੰਨਾ ਵੱਧ ਗਿਆ ਕਿ ਵਿਧਾਇਕ ਪੱਪੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਦੋਹਾਂ ਨੇਤਾਵਾਂ ਵਿਚਾਲੇ ਬਹਿਸ ਹੋ ਗਈ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਨੂੰ ਸੰਭਾਲਿਆ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ।
ਵੀਰਵਾਰ ਦੇਰ ਸ਼ਾਮ ਵਾਰਡ ਨੰਬਰ 75 ਵਿੱਚ ‘ਆਪ’ ਉਮੀਦਵਾਰ ਸਿਮਰਨਪ੍ਰੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਰਾਜੂ ਬਾਬਾ ਅਤੇ ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ ਦੇ ਪਤੀ ਗੁਰਦੀਪ ਸਿੰਘ ਨੀਟੂ ਆਹਮੋ-ਸਾਹਮਣੇ ਹੋ ਗਏ। ਰਾਜੂ ਬਾਬਾ ਨੇ ਦੋਸ਼ ਲਾਇਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਸੂਫੀਆ ਚੌਕ ਨੇੜੇ ਬੰਟੀ ਢਾਬੇ ‘ਤੇ ਭਾਜਪਾ ਉਮੀਦਵਾਰ ਕੁਝ ਵੋਟਰਾਂ ਨੂੰ ਸ਼ਰਾਬ ਵੰਡ ਰਹੇ ਹਨ।
ਰਾਜੂ ਬਾਬਾ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਥੇ ਸ਼ਰਾਬ ਵਰਤਾਈ ਜਾ ਰਹੀ ਸੀ। ਇਸ ਦਾ ਵਿਰੋਧ ਕਰਨ ‘ਤੇ ਭਾਜਪਾ ਵਰਕਰਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਮਾਹੌਲ ਵਿਗੜਦਾ ਦੇਖ ਕੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖੁਦ ਮੌਕੇ ‘ਤੇ ਪਹੁੰਚੇ। ਇਸ ਤੋਂ ਨਾਰਾਜ਼ ‘ਆਪ’ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮੌਕੇ ‘ਤੇ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, ‘ਜੇਕਰ ਕੁਝ ਗਲਤ ਹੋ ਰਿਹਾ ਹੈ ਤਾਂ ਪੁਲਿਸ ਕਾਰਵਾਈ ਕਰੇ। ਸਾਡੇ ਵਰਕਰਾਂ ਨੂੰ ‘ਆਪ’ ਵਿਧਾਇਕਾਂ ਅਤੇ ਸਮਰਥਕਾਂ ਨੇ ਘੇਰ ਲਿਆ ਹੈ। ਗੁੰਡਾਗਰਦੀ ਕੀਤੀ ਜਾ ਰਹੀ ਹੈ। ਸਾਡੇ ਵਰਕਰਾਂ ਨੂੰ ਬੰਧਕ ਬਣਾ ਬਣਾਇਆ ਹੈ। ਸੂਚਨਾ ਮਿਲਦੇ ਹੀ ਮੈਂ ਪਹੁੰਚ ਗਿਆ। ਮੈਂ ਇਕੱਲਾ ਖੜ੍ਹਾ ਹਾਂ। ਅਸੀਂ ‘ਆਪ’ ਦੀ ਗੁੰਡਾਗਰਦੀ ਨੂੰ ਚੱਲਣ ਨਹੀਂ ਦਵਾਂਗੇ। ਅਸੀਂ ਆਪਣੇ ਵਰਕਰਾਂ ਨਾਲ ਖੜੇ ਹਾਂ। ਇਸ ਦਾ ਜਵਾਬ ਹੁਣ ਲੋਕ ਹੀ ਦੇਣਗੇ।
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਭਾਜਪਾ ਉਮੀਦਵਾਰ ਦੇ ਪਤੀ ਗੁਰਦੀਪ ਸਿੰਘ ਨੀਟੂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਵਾਰਡ ਨੰਬਰ 75 ਤੋਂ ਚੋਣ ਲੜ ਰਹੀ ਹੈ। ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਢਾਬੇ ‘ਤੇ ਖਾਣਾ ਖਾਣ ਆਏ ਸਨ। ਉਨ੍ਹਾਂ ਕਿਹਾ ਕਿ ਜੋ ਦੋਸ਼ ਲਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹਨ। ਉਨ੍ਹਾਂ ਨੂੰ ਅਤੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉੱਥੇ ਹੀ ਮੌਕੇ ‘ਤੇ ਪੁੱਜੇ ‘ਆਪ’ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਧੱਕੇਸ਼ਾਹੀ ਜਾਰੀ ਹੈ। ਬੋਰੀਆਂ ਵਿੱਚ 2 ਨੰਬਰ ਦੀ ਸ਼ਰਾਬ ਸੀ। ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।