Monday, June 1, 2026
spot_img

ਲੁਧਿਆਣਾ ਦੀ ਫੈਕਟਰੀ ’ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪਿਉ-ਪੁੱਤ ਸਣੇ 3 ਦੀ ਮੌਤ

Must read

ਲੁਧਿਆਣਾ, 1 ਜੂਨ
ਸ਼ਹਿਰ ਦੇ ਆਰਕੇ ਰੋਡ ਸਥਿਤ ਇੱਕ ਫੈਕਟਰੀ ਵਿੱਚ ਅੱਜ ਅਚਾਨਕ ਹੋਏ ਜ਼ਹਿਰੀਲੀ ਗੈਸ ਦੇ ਲੀਕ ਕਾਰਨ ਪਿਉ-ਪੁੱਤ ਸਣੇ ਤਿੰਨਾਂ ਦੀ ਦਰਦਨਾਕ ਮੌਤ ਹੋ ਗਈ। ਹਵਾ ਵਿੱਚ ਫੈਲੇ ਇਸ ਜ਼ਹਿਰ ਕਾਰਨ ਦਮ ਘੁੱਟਣ ਕਰਕੇ ਤਿੰਨਾਂ ਜਣਿਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਦੌਰਾਨ ਫੈਕਟਰੀ ਕੰਪਲੈਕਸ ਦੇ ਅੰਦਰ ਭਾਜੜਾਂ ਪੈ ਗਈਆਂ ਅਤੇ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਕਈ ਹੋਰ ਮਜ਼ਦੂਰ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲੀਸ ਸਮੇਤ ਵੱਖ-ਵੱਖ ਪ੍ਰਸ਼ਾਸਨਿਕ ਟੀਮਾਂ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਤੁਰੰਤ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ।
ਜਾਣਕਾਰੀ ਮੁਤਾਬਕ ਫੈਕਟਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਆਮ ਵਾਂਗ ਚੱਲ ਰਿਹਾ ਸੀ। ਇਸੇ ਦੌਰਾਨ ਅਚਾਨਕ ਗੈਸ ਪਾਈਪਲਾਈਨ ਜਾਂ ਸਿਲੰਡਰ ਵਿੱਚੋਂ ਗੈਸ ਰਿਸਾਅ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਕੁਝ ਹੀ ਸੈਕਿੰਡਾਂ ਵਿੱਚ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਅੰਦਰ ਫੈਲ ਗਈ। ਗੈਸ ਦਾ ਅਸਰ ਇੰਨਾ ਤੇਜ਼ ਅਤੇ ਘਾਤਕ ਸੀ ਕਿ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੰਭਲਣ ਜਾਂ ਬਾਹਰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਕਈ ਮੁਲਾਜ਼ਮ ਮੌਕੇ ’ਤੇ ਹੀ ਬੇਹੋਸ਼ ਹੋ ਡਿੱਗ ਪਏ।
ਇਸ ਮੰਦਭਾਗੀ ਘਟਨਾ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਾਨਾ ਅਤੇ ਉਸ ਦੇ ਪੁੱਤਰ ਅਮਿਤ ਵਜੋਂ ਹੋਈ ਹੈ, ਜਦਕਿ ਤੀਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ। ਘਟਨਾ ਦੇ ਮੇਂ ਪਿਤਾ-ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਵਿੱਚੋਂ ਨਿਕਲਣ ਵਾਲੀ ਮਿੱਟੀ (ਵੇਸਟੇਜ) ਨੂੰ ਟਰਾਲੀ ਵਿੱਚ ਲੋਡ ਕਰ ਰਹੇ ਸਨ, ਜਿਸ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਵਿੱਚ ਆ ਗਏ।
ਸੁਰੱਖਿਆ ਪ੍ਰਬੰਧਾਂ ਦੀ ਹੋਵੇਗੀ ਜਾਂਚ: ਐਸਐਚਓ
ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲੀਸ ਅਤੇ ਸਬੰਧਤ ਵਿਭਾਗਾਂ ਦੀਆਂ ਟੀਮਾਂ ਐਂਬੂਲੈਂਸਾਂ ਸਣੇ ਮੌਕੇ ’ਤੇ ਪਹੁੰਚੀਆਂ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਗੈਸ ਲੀਕੇਜ ਹੀ ਮੰਨਿਆ ਜਾ ਰਿਹਾ ਹੈ, ਹਾਲਾਂਕਿ ਫੈਕਟਰੀ ਅੰਦਰ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕੀਤੀ ਗਈ ਸੀ ਜਾਂ ਨਹੀਂ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੋਤੀ ਨਗਰ ਦੇ ਐਸ.ਐਚ.ਓ. ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਪਰਵਾਹੀ ਪਾਏ ਜਾਣ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article