ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਆਰਾ-ਮੋਹਨੀਆ ਰਾਸ਼ਟਰੀ ਰਾਜਮਾਰਗ ‘ਤੇ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਜਗਦੀਸ਼ਪੁਰ ਥਾਣਾ ਖੇਤਰ ਦੇ ਦੁਲਹਨਗੰਜ ਬਾਜ਼ਾਰ ਵਿੱਚ ਸਥਿਤ ਪੈਟਰੋਲ ਪੰਪ ਦੇ ਨੇੜੇ ਵਾਪਰਿਆ। ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਇਸਦਾ ਇੱਕ ਪਹੀਆ 20 ਫੁੱਟ ਦੂਰ ਡਿੱਗ ਗਿਆ। ਕਾਰ ਵਿੱਚ ਸਵਾਰ ਸਾਰੇ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਅੰਦਰ ਹੀ ਫਸੀਆਂ ਰਹੀਆਂ। ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਕਾਫ਼ੀ ਮਿਹਨਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਮ੍ਰਿਤਕ ਪਰਿਵਾਰ ਪਟਨਾ ਦੇ ਜੱਕਨਪੁਰ ਦਾ ਰਹਿਣ ਵਾਲਾ ਸੀ ਅਤੇ ਪ੍ਰਯਾਗਰਾਜ ਵਿੱਚ ਮਹਾਂਕੁੰਭ ਇਸ਼ਨਾਨ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਸਾਰੇ ਲੋਕ ਵੀਰਵਾਰ ਨੂੰ ਪਟਨਾ ਤੋਂ ਪ੍ਰਯਾਗਰਾਜ ਗਏ ਸਨ ਅਤੇ ਸ਼ੁੱਕਰਵਾਰ ਸਵੇਰੇ ਵਾਪਸ ਆਉਂਦੇ ਸਮੇਂ ਕਾਰ ਚਾਲਕ ਨੂੰ ਨੀਂਦ ਆ ਗਈ ਅਤੇ ਇਹ ਦਰਦਨਾਕ ਹਾਦਸਾ ਵਾਪਰਿਆ।ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਮ੍ਰਿਤਕਾਂ ਵਿੱਚ 4 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ।