Saturday, July 27, 2024
spot_img

ਪੰਜਾਬ ਨੂੰ ਜਲਦ ਹੀ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ

Must read

ਚੰਡੀਗੜ੍ਹ – ਵੱਧ ਰਹੇ ਸਾਈਬਰ ਅਪਰਾਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ੍ਹ ਪਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਰੇ 28 ਪੁਲਿਸ ਜ਼ਿਲਿ੍ਹਆਂ ਸਮੇਤ ਤਿੰਨ ਕਮਿਸ਼ਨਰੇਟਾਂ ਵਿੱਚ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਲਦ ਸਥਾਪਤ ਕੀਤੇ ਜਾਣਗੇ। ਇਹ ਜਾਣਕਾਰੀ ਇੱਥੇ ਸ਼ੁੱਕਰਵਾਰ ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।

ਗ਼ੌਰਤਲਬ ਹੈ ਕਿ ਸਾਈਬਰ ਕ੍ਰਾਈਮ ਦੀ ਚੁਣੌਤੀ ਨੂੰ ਪ੍ਰਭਾਵੀ ਤੇ ਗੰਭੀਰਤਾ ਨਾਲ ਨਜਿੱਠਣ ਦੀ ਲੋੜ ਨੂੰ ਪਛਾਣਦੇ ਹੋਏ, ਪੰਜਾਬ ਪੁਲਿਸ ਨੇ ਆਪਣੀ ਸਾਈਬਰ ਕ੍ਰਾਈਮ ਜਾਂਚ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ਨੂੰ ਹੋਰ ਬਿਹਤਰ ਤੇ ਮਜ਼ਬੂਤ ਕਰਨ ਲਈ ਪ੍ਰਸਤਾਵ ਭੇਜਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਤ ਕਰਨ ਸਬੰਧੀ ਤਜਵੀਜ਼ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆਨਲਾਈਨ ਵਿੱਤੀ ਧੋਖਾਧੜੀ, ਆਈਡੈਂਟਟੀ ਥੈਫਟ, ਸਾਈਬਰਬੁÇਲੰਗ, ਹੈਕਿੰਗ ਅਤੇ ਆਨਲਾਈਨ ਸਕੈਮਾਂ ਦੀ ਜਾਂਚ ਕਰਨ ਅਤੇ ਨਜਿੱਠਣ ਲਈ ਸਮਰਪਿਤ ਹੱਬ ਵਜੋਂ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਪੁਲਿਸ ਸਟੇਸ਼ਨ ਅਤਿ-ਆਧੁਨਿਕ ਟੈਕਨਾਲੋਜੀ ਨਾਲ ਲੈਸ ਹੋਣਗੇ ਅਤੇ ਸਟਾਫ਼ ਵਿੱਚ ਡਿਜੀਟਲ ਫੋਰੈਂਸਿਕ ਅਤੇ ਸਾਈਬਰ ਕ੍ਰਾਈਮ ਜਾਂਚ ਵਿੱਚ ਮਾਹਿਰ ਉੱਚ ਸਿਖਲਾਈ ਪ੍ਰਾਪਤ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਇਹ ਪੁਲਿਸ ਸਟੇਸ਼ਨ ਸਬੰਧਤ ਜ਼ਿਲ੍ਹੇ ਦੇ ਐਸਐਸਪੀ/ਸੀਪੀ ਦੀ ਨਿਗਰਾਨੀ ਵਿੱਚ ਕੰਮ ਕਰਨਗੇ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਾਈਬਰ ਕ੍ਰਾਈਮ ਦੁਆਰਾ ਸਮੁੱਚੀ ਨਜ਼ਰ-ਸਾਨੀ ਵਿੱਚ ਕੰਮ ਕਰਨਗੇ। ਫਿਲਹਾਲ, ਰਾਜ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਾਰਜਸ਼ੀਲ ਹੈ, ਜਿਸ ਨੂੰ 2009 ਵਿੱਚ ਨੋਟੀਫਾਈ ਕੀਤਾ ਗਿਆ ਸੀ।

ਡੀਜੀਪੀ ਨੇ ਅੱਗੇ ਦੱਸਿਆ ਕਿ ਸਾਈਬਰ ਕ੍ਰਾਈਮ ਜਾਂਚ ਵਿੱਚ ਪੁਲਿਸ ਦੀ ਕਾਬਲੀਅਤ ਤੇ ਕੁਸ਼ਲਤਾ ਨੂੰ ਵਧਾਉਣ ਲਈ ਮੁੱਖ ਮੰਤਰੀ ਨੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਵਿਖੇ ਡਿਜੀਟਲ ਜਾਂਚ ਸਿਖਲਾਈ ਅਤੇ ਵਿਸ਼ਲੇਸ਼ਣ ਕੇਂਦਰ (ਡੀਆਈਟੀਏਸੀ ਲੈਬ) ਅਤੇ ਜ਼ਿਲ੍ਹਾ ਪੱਧਰ ’ਤੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਤੇ ਟੈਕਨੀਕਲ ਸਪੋਰਟ ਯੂਨਿਟਸ ਨੂੰ ਅਪਗ੍ਰੇਡ ਕਰਨ ਲਈ 30 ਕਰੋੜ ਰੁਪਏ ਦੇ ਫੰਡ ਵੀ ਮਨਜ਼ੂਰ ਕੀਤੇ ਹਨ।
ਉਨ੍ਹਾਂ ਕਿਹਾ ਕਿ ਨਵੀਨਤਮ ਸਾਫ਼ਟਵੇਅਰ ਫੋਰੈਂਸਿਕ ਟੂਲਸ ਦੀ ਵਰਤੋਂ ਨਾਲ ਚਾਈਲਡ ਸੈਕਸੂਅਲ ਐਸਾਲਟ ਮਟੀਰੀਅਲ (ਸੀ.ਐਸ.ਏ.ਐਮ.), ਜੀ.ਪੀ.ਐਸ. ਡਾਟਾ ਰਿਕਵਰੀ, ਆਈ.ਓ.ਐਸ/ਐਂਡਰਾਇਡ ਪਾਸਵਰਡ ਬ੍ਰੇਕਿੰਗ, ਕਲਾਉਡ ਡਾਟਾ ਰਿਕਵਰੀ, ਡਰੋਨ ਫੋਰੈਂਸਿਕਸ ਅਤੇ ਕ੍ਰਿਪਟੋਕਰੰਸੀ ਦੇ ਕੇਸਾਂ ਨਾਲ ਨਜਿੱਠਣ ਵਿੱਚ ਪੰਜਾਬ ਪੁਲਿਸ ਦੀ ਸਮਰੱਥਾ ਵਧੇਗੀ।

ਹੋਰ ਵੇਰਵੇ ਦਿੰਦਿਆਂ ਏਡੀਜੀਪੀ (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਕਿਹਾ ਕਿ ਅਪਰਾਧੀ ਆਨਲਾਈਨ ਬੁਨਿਆਦੀ ਢਾਂਚੇ ਵਿਚਲੀਆਂ ਖਾਮੀਆਂ ਦਾ ਫਾਇਦਾ ਉਠਾਉਣ ਲਈ ਡਿਜੀਟਲਾਈਜ਼ੇਸ਼ਨ ਦੀ ਵਰਤੋਂ ਕਰ ਰਹੇ ਹਨ ਜਿਸ ਕਰਕੇ ਇਨ੍ਹਾਂ ਅਪਰਾਧਾਂ ਦੇ ਸ਼ਿਕਾਰ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨੌਜਵਾਨ ਅਤੇ ਸੀਨੀਅਰ ਸਿਟੀਜ਼ਨ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਦੀ ਸਥਾਪਨਾ ਨਾਲ ਸਾਈਬਰ ਕ੍ਰਾਈਮ ਨਾਲ ਨਜਿੱਠਣ ਵਿਚ ਕਾਫੀ ਮਦਦ ਮਿਲੇਗੀ।

ਜ਼ਿਕਰਯੋਗ ਹੈ ਕਿ ਆਨਲਾਈਨ ਵਿੱਤੀ ਧੋਖਾਧੜੀ ਸਬੰਧੀ ਕਾਲਾਂ ਸੁਣਨ ਅਤੇ ਐਨ.ਸੀ.ਆਰ.ਪੀ. ਪੋਰਟਲ ’ਤੇ ਰਿਪੋਰਟਾਂ ਪ੍ਰਾਪਤ ਕਰਨ ਲਈ ਹੈਲਪਲਾਈਨ 1930 ਸਟੇਟ ਸਾਈਬਰ ਕ੍ਰਾਈਮ ਦਫ਼ਤਰ ਵਿਖੇ 24*7 ਕਾਰਜਸ਼ੀਲ ਹੈ।

ਡੱਬੀ:

ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਦੇ ਮੁੱਖ ਉਦੇਸ਼

ਸਾਈਬਰ ਅਪਰਾਧਾਂ ਦੇ ਪੀੜਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨਾ
ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਲਈ ਸਾਈਬਰ ਅਪਰਾਧਾਂ ਦੀ ਬਾਰੀਕੀ ਨਾਲ ਜਾਂਚ ਕਰਨਾ
ਖੁਫੀਆ ਜਾਣਕਾਰੀ ਅਤੇ ਬਿਹਤਰ ਅਭਿਆਸਾਂ ਦੇ ਆਦਾਨ-ਪ੍ਰਦਾਨ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਅਤੇ ਸਾਈਬਰ ਸੁਰੱਖਿਆ ਮਾਹਿਰਾਂ ਨਾਲ ਸਹਿਯੋਗ ਕਰਨਾ
ਸਾਈਬਰ ਖਤਰਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਰੋਕਥਾਮ ਉਪਾਵਾਂ ਬਾਰੇ ਜਾਗਰੂਕ ਕਰਨਾ।
ਵਧ ਰਹੇ ਸਾਈਬਰ ਖਤਰਿਆਂ ਤੋਂ ਬਚਾਅ ਲਈ ਨਵੀਨਤਾਕਾਰੀ ਰਣਨੀਤੀਆਂ ਦਾ ਵਿਕਾਸ ਅਤੇ ਲਾਗੂ ਕਰਨਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article