ਚੰਡੀਗੜ੍ਹ, 9 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ਵਿੱਚ ਡੇਂਗੂ ਦੇ ਫੈਲਾਅ ਨੂੰ ਰੋਕਣ ਦੇ ਉਦੇਸ਼ ਨਾਲ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਬਰਸਾਤ ਦੇ ਮੌਸਮ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਹਰਾਉਂਦਿਆਂ ਇਹ ਮੁਹਿੰਮ ਚਲਾਈ ਗਈ ਹੈ।ਮਈ ਮਹੀਨੇ ਤੋਂ ਬ੍ਰੀਡਿੰਗ ਚੈਕਿੰਗ ਸਬੰਧੀ ਬਾਕਾਇਦਾ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਮਈ ਅਤੇ ਜੂਨ ਮਹੀਨੇ ਵਿੱਚ 300 ਬ੍ਰੀਡਿੰਗ ਚੈਕਰ ਭਰਤੀ ਕੀਤੇ ਗਏ ਸਨ, ਜਿਨ੍ਹਾਂ ਦੀ ਗਿਣਤੀ ਜੁਲਾਈ ਮਹੀਨੇ ਵਿੱਚ ਵਧਾ ਕੇ 1200 ਕਰ ਦਿੱਤੀ ਗਏ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਇਹ ਜਨ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ 47 ਸੈਂਟੀਨੇਲ ਸਰਵੇਲੈਂਸ ਹਸਪਤਾਲਾਂ ਦੀ ਪਛਾਣ ਕੀਤੀ ਗਈ ਹੈ ਅਤੇ ਸੂਬੇ ਵਿੱਚ ਡੇਂਗੂ ਦੀ ਜਾਂਚ ਲਈ ਐਨ.ਐਸ-1 ਕਿੱਟਾਂ ਅਤੇ ਆਈ.ਜੀ.ਐਮ. ਕਿੱਟਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਡੇਂਗੂ ਦੇ ਮੁਕੰਮਲ ਖ਼ਾਤਮੇ ਲਈ ਸੂਬੇ ਦੇ ਪ੍ਰਮੁੱਖ ਵਿਭਾਗਾਂ ਜਿਵੇਂ ਕਿ ਸਥਾਨਕ ਸਰਕਾਰਾਂ, ਪੇਂਡੂ ਵਿਭਾਗ, ਸਿੱਖਿਆ ਅਤੇ ਹੋਰਨਾਂ ਵਿਭਾਗਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।