ਜਲੰਧਰ, 13 ਜੁਲਾਈ: ਜਲੰਧਰ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 37325 ਵੋਟਾਂ ਨਾਲ ਜਿੱਤ ਦਰਜ ਕਰ ਦਿੱਤੀ ਹੈ। ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਕਾਫੀ ਅਹਿਮ ਮੰਨੀ ਜਾ ਰਹੀ ਸੀ, ਕਿਉਂਕਿ ਲੋਕ ਸਭਾ ਚੋਣਾਂ ਵਿੱਚ 13-0 ਨਾਲ ਜਿੱਤਣ ਦਾ ਦਾਅਵਾ ਕਰਨ ਦੇ ਬਾਵਜੂਦ 3-0 ਨਾਲ ਹੀ ਸਬਰ ਕਰਨ ਪਿਆ ਸੀ ਜਿਸ ਨਾਲ ਪੰਜਾਬ ਵਿੱਚ ਆਪ ਦੀ ਸਾਖ ਨੂੰ ਕਾਫੀ ਧੱਕਾ ਲਗਾ ਸੀ। ਆਮ ਆਦਮੀ ਪਾਰਟੀ ਲਈ ਜਲੰਧਰ ਦੀ ਉਪ ਚੋਣ ਜਿੱਤਣੀ ਬਹੁਤ ਜ਼ਰੂਰੀ ਸੀ। ਇਸ ਚੋਣ ਨੂੰ ਜਿੱਤਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਨਾਲ ਜਲੰਧਰ ‘ਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਲੋਕਾਂ ਨੇ ਸੀ.ਐਮ ਭਗਵੰਤ ਮਾਨ ‘ਤੇ ਭਰੋਸਾ ਪ੍ਰਗਟਾਇਆ ਅਤੇ ‘ਆਪ’ ਉਮੀਦਵਾਰ ਨੂੰ ਵੋਟ ਦਿੱਤੀ। ਜਿੱਤ ਦੇ ਐਲਾਨ ਤੋਂ ਬਾਅਦ ‘ਆਪ’ ਵਰਕਰ ਉਮੀਦਵਾਰ ਦੇ ਘਰ ਦੇ ਅੰਦਰ ਅਤੇ ਬਾਹਰ ਜਸ਼ਨ ਮਨਾ ਰਹੇ ਹਨ। ‘ਆਪ’ ਉਮੀਦਵਾਰ ਨੂੰ ਕੁੱਲ 55246 ਵੋਟਾਂ ਮਿਲੀਆਂ ਹਨ ਜੋ ਉਸ ਨੂੰ ਜਿੱਤ ਦਾ ਝੰਡਾ ਲਹਿਰਾਉਣ ‘ਚ ਸਹਾਈ ਹੋਣਗੀਆਂ। ਇੱਥੇ ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਨੰਬਰ ‘ਤੇ ਰਹੀ।