ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ (ਯੂਟੀ) ਦੇ ਵਿੱਤ ਸਕੱਤਰ ਦੇ ਅਹੁਦੇ ਲਈ ਭੇਜੇ ਦੋ ਨਾਵਾਂ ਦਾ ਪੈਨਲ ਰੱਦ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਇਸ ਬਾਰੇ ਕੋਈ ਸੂਚਨਾਂ ਨਹੀਂ ਭੇਜੀ। ਇਕ ਸੀਨੀਅਰ ਅਧਿਕਾਰੀ ਨੇ ਗ੍ਰਹਿ ਮੰਤਰਾਲੇ ਦੁਆਰਾ ਵਿੱਤ ਸਕੱਤਰ ਲਈ ਭੇਜਿਆ ਪੈਨਲ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।ਪੰਜਾਬ ਸਰਕਾਰ ਨੇ 2006 ਆਈਏਐੱਸ ਬੈਚ ਦੇ ਅਮਿਤ ਢਾਕਾ ਤੇ 2007 ਬੈਚ ਦੇ ਮੁਹੰਮਦ ਤਇਅਬ ਦਾ ਨਾਮ ਵਿੱਤ ਸਕੱਤਰ ਦੇ ਅਹੁਦੇ ਲਈ ਭੇਜਿਆ ਸੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਮਿਤ ਢਾਕਾ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਪੈਨਲ ਰੱਦ ਕਰ ਦਿੱਤਾ ਹੈ। ਹੁਣ ਪੰਜਾਬ ਸਰਕਾਰ ਨੂੰ ਦੋ ਨਾਵਾਂ ਦਾ ਨਵਾਂ ਪੈਨਲ ਭੇਜਣਾ ਪਵੇਗਾ।
ਪੰਜਾਬ ਤੇ ਹਰਿਆਣਾ ਦੀ ਵੰਡ ਤੋਂ ਬਾਅਦ ਚੰਡੀਗੜ੍ਹ ’ਚ 60-40 ਦੇ ਅਨੁਪਾਤ ਨਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਕੋਟਾ ਹੈ, ਪਰ ਪਿਛਲੇ ਕਈ ਸਾਲਾਂ ਤੋ ਇਸ ਕੋਟੇ ਤੇ ਕੱਟ ਲਗਾਇਆ ਜਾ ਰਿਹਾ ਹੈ।