ਕਿਸਾਨ ਜਥੇਬੰਦੀਆਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਭਲਕੇ 30 ਜੂਨ ਨੂੰ ਪੂਰੀ ਤਰ੍ਹਾਂ ਬੰਦ ਹੋਣ ਜਾ ਰਿਹਾ ਹੈ। ਕਿਸਾਨ ਟੋਲ ਏਜੰਸੀ ਦੇ ਕੈਬਿਨਾਂ ਨੂੰ ਤਾਲੇ ਲਾਉਣਗੇ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਤੇ ਭਾਰਤੀ ਕਿਸਾਨ ਦੋਆਬਾ ਯੂਨੀਅਨ ਪ੍ਰਧਾਨ ਇੰਦਰਬੀਰ ਕਾਦੀਆਂ ਨੇ ਦੱਸਿਆ ਕਿ ਭਲਕੇ ਵੱਡੀ ਗਿਣਤੀ ਵਿੱਚ ਸਮਾਜਿਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਲਾਡੋਵਾਲ ਟੋਲ ਪਲਾਜ਼ਾ ’ਤੇ ਪੁੱਜ ਰਹੀਆਂ ਹਨ। ਕੱਲ੍ਹ ਟੋਲ ਮੁਲਾਜ਼ਮਾਂ ਦੇ ਦਫ਼ਤਰ ਨੂੰ ਤਾਲਾ ਜ਼ਰੂਰ ਲੱਗੇਗਾ। ਤਾਲਾ ਲਾਉਣ ਦਾ ਕਾਰਨ ਇਹ ਹੈ ਉਹ ਕਈ ਵਾਰ ਟੋਲ ਅਧਿਕਾਰੀਆਂ ਅਤੇ ਐਨ.ਐਚ.ਏ.ਆਈ. ਨੂੰ ਇਸ ਟੋਲ ਦੀ ਸਮਾਂ ਸੀਮਾ ਸਬੰਧੀ ਦਸਤਾਵੇਜ਼ ਦਿਖਾਉਣ ਲਈ ਕਹਿ ਚੁੱਕੇ ਹਨ ਪਰ ਅੱਜ ਤੱਕ ਕੋਈ ਵੀ ਅਧਿਕਾਰੀ ਦਸਤਾਵੇਜ਼ ਨਹੀਂ ਦਿਖਾ ਸਕਿਆ। ਇਸ ਦਾ ਮਤਲਬ ਹੈ ਕਿ ਇਹ ਟੋਲ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ। ਕੇਂਦਰ ਸਰਕਾਰ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰ ਰਹੀ ਹੈ। ਲੋਕਾਂ ਦਾ ਸਮਰਥਨ ਕਿਸਾਨਾਂ ਦੇ ਨਾਲ ਹੈ, ਕੱਲ੍ਹ ਨੂੰ ਟੋਲ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਦੱਸ ਦੇਈਏ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਦੋਆਬਾ ਯੂਨੀਅਨ ਅਤੇ ਟੈਕਸੀ ਯੂਨੀਅਨ ਵਲੋਂ ਪਿਛਲੇ 15 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਹੁਣ ਤੱਕ 6 ਲੱਖ ਤੋਂ ਵੱਧ ਵਾਹਨਾਂ ਵੱਲੋਂ ਇਹ ਟੋਲ ਟੈਕਸ ਬਿਨਾਂ ਪਰਚੀ ਦੇ ਪਾਰ ਕੀਤਾ ਗਿਆ। ਇਸ ਕਾਰਨ ਲੋਕਾਂ ਦੀ ਕਰੀਬ 15 ਕਰੋੜ ਰੁਪਏ ਦੀ ਬੱਚਤ ਹੋਈ ਹੈ। ਕਿਸਾਨਾਂ ਦੀ ਮੰਗ ਹੈ ਕਿ ਟੋਲ ਟੈਕਸ ਦੀ ਪੁਰਾਣੀ ਦਰ 150 ਰੁਪਏ ਪ੍ਰਤੀ ਚਾਰ ਪਹੀਆ ਵਾਹਨ ਰੱਖੀ ਜਾਵੇ।