ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ ਅਤੇ ਭਾਰਤ ਵਲੋਂ ਪਾਕਿਸਤਾਨ ਵਿਰੁੱਧ ਇੱਕ ਵੱਡੇ ਕੂਟਨੀਤਕ ਕਦਮ ਵਿੱਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਮਾਮਲੇ ’ਤੇ ਕਿਹਾ ਕਿ ਸੰਸਥਾ ਦੋਵਾਂ ਦੇਸ਼ਾਂ ਵਿਚਕਾਰ ਇਸ ਵਿਵਾਦ ’ਚ ਦਖ਼ਲ ਨਹੀਂ ਦੇਵੇਗੀ। ਸੂਤਰਾਂ ਨੇ ਦਸਿਆ ਕਿ ਵਿੱਤ ਮੰਤਰੀ ਸੀਤਾਰਮਨ ਨਾਲ ਲੰਮੀ ਚਰਚਾ ਦੌਰਾਨ ਬੰਗਾ ਦੀ ਮੋਦੀ ਨਾਲ ਸਿਸ਼ਟਾਚਾਰ ਮੁਲਾਕਾਤ ਹੋਈ। ਇਸ ਮੀਟਿੰਗ ਵਿਚ ਹੋਈ ਚਰਚਾ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਨੇ ਇਕ ਇੰਟਰਵਿਊ ’ਚ ਸਿੰਧੂ ਜਲ ਸਮਝੌਤੇ ਦੀ ਮੁਅੱਤਲੀ ‘ਤੇ, ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ, “ਸਾਡੀ ਇੱਕ ਵਿਚੋਲੇ ਤੋਂ ਇਲਾਵਾ ਕੋਈ ਭੂਮਿਕਾ ਨਹੀਂ ਹੈ। ਮੀਡੀਆ ਵਿੱਚ ਇਸ ਬਾਰੇ ਬਹੁਤ ਸਾਰੀਆਂ ਅਟਕਲਾਂ ਹਨ ਕਿ ਵਿਸ਼ਵ ਬੈਂਕ ਕਿਵੇਂ ਦਖਲ ਦੇਵੇਗਾ ਅਤੇ ਸਮੱਸਿਆ ਦਾ ਹੱਲ ਕਿਵੇਂ ਕਰੇਗਾ, ਪਰ ਇਹ ਸਭ ਬਕਵਾਸ ਹੈ। ਵਿਸ਼ਵ ਬੈਂਕ ਦੀ ਭੂਮਿਕਾ ਸਿਰਫ਼ ਇੱਕ ਵਿਚੋਲੇ ਦੀ ਹੈ।” ਬੰਗਾ ਨੇ ਕਿਹਾ, ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਵਿੱਚ ਦਖਲ ਨਹੀਂ ਦੇਵੇਗਾ।
ਇਸ ਦੇ ਨਾਲ ਹੀ ਅਜੇ ਬੰਗਾ ਇੱਕ ਦਿਨ ਦੇ ਪ੍ਰੋਗਰਾਮ ਲਈ ਸ਼ੁੱਕਰਵਾਰ ਸਵੇਰੇ ਰਾਜਧਾਨੀ ਲਖਨਊ ਪਹੁੰਚੇ। ਆਪਣੇ ਇੱਕ ਦਿਨ ਦੇ ਦੌਰੇ ਦੌਰਾਨ, ਉਹ ਲਖਨਊ ਅਤੇ ਬਾਰਾਬੰਕੀ ਵਿੱਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਇਸ ਦੌਰਾਨ, ਉਹ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੁੱਖ ਸਕੱਤਰ ਮਨੋਜ ਕੁਮਾਰ ਸਿੰਘ ਨਾਲ ਸੂਬੇ ਦੀ ਪ੍ਰਗਤੀ ਅਤੇ ਵਿਕਾਸ ਸਬੰਧੀ ਮੁਲਾਕਾਤ ਕਰਨਗੇ।
ਅਜੈ ਬੰਗਾ ਮੁੱਖ ਸਕੱਤਰ ਦੀ ਮੌਜੂਦਗੀ ਵਿੱਚ ਹਿੱਸੇਦਾਰਾਂ ਨਾਲ ਆਯੋਜਿਤ ਗੋਲਮੇਜ਼ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ, ਉਹ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਸ਼ਿਸ਼ਟਾਚਾਰ ਮੁਲਾਕਾਤ ਕਰਨਗੇ। ਇਸ ਤੋਂ ਬਾਅਦ, ਉਹ ਚਿਨਹਾਟ ਬਲਾਕ ਵਿੱਚ ਸਥਿਤ ਟੇਕ ਹੋਮ ਰਾਸ਼ਨ (THR) ਪਲਾਂਟ ਦਾ ਵੀ ਨਿਰੀਖਣ ਕਰਨਗੇ।
ਉੱਤਰ ਪ੍ਰਦੇਸ਼ ਸਰਕਾਰ ਦੇ ਇੱਕ ਬਿਆਨ ਅਨੁਸਾਰ, ਅਜੈ ਬੰਗਾ ਦਾ ਦੌਰਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਰਾਜ ਦੇ ਤੇਜ਼ ਵਿਕਾਸ ਅਤੇ ਇਸ ਵਿੱਚ ਵੱਧ ਰਹੀ ਵਿਸ਼ਵਵਿਆਪੀ ਦਿਲਚਸਪੀ ਦਾ ਪ੍ਰਮਾਣ ਹੈ। ਰਾਜ 1 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਨ ਦੇ ਆਪਣੇ ਮਹੱਤਵਾਕਾਂਖੀ ਟੀਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
ਬਿਆਨ ਦੇ ਅਨੁਸਾਰ, ਵਿਸ਼ਵ ਬੈਂਕ ਦੇ ਪ੍ਰਧਾਨ ਲਖਨਊ ਤੋਂ ਬਾਰਾਬੰਕੀ ਲਈ ਰਵਾਨਾ ਹੋਣਗੇ, ਜਿੱਥੇ ਉਹ ਰਾਜੌਲੀ ਵਿਖੇ ਮਧੂ-ਮੱਖੀ ਪਾਲਣ ਕੇਂਦਰ ਦਾ ਨਿਰੀਖਣ ਕਰਨਗੇ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ (SHGs) ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ਤੋਂ ਬਾਅਦ, ਉਹ ਹੋਟਲ ਤਾਜ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਫਿਰ ਦਿੱਲੀ ਲਈ ਰਵਾਨਾ ਹੋਣਗੇ।