Pakistan Punjab Chief Minister Maryam Nawaz : ਰਾਵੀ ਨਦੀ ਦਾ ਹੜ੍ਹ ਦਾ ਪਾਣੀ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਦਾਖਲ ਹੋ ਗਿਆ। ਜਿਸ ਕਰਕੇ ਕਰਤਾਰਪੁਰ ਸਾਹਿਬ ਲਾਂਘਾ ਪਾਣੀ ਵਿੱਚ ਡੁੱਬ ਗਿਆ। ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ਦਾ ਇੱਕ ਵੱਡਾ ਹਿੱਸਾ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਹੈ। ਹਾਲਾਂਕਿ, ਗੁਰੂ ਗ੍ਰੰਥ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਵਿਚਾਲੇ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਵੱਲੋਂ ਹੜ੍ਹ ਪ੍ਰਭਾਵਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਾਫ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਸ਼ਾਹਦਰਾ ਪਹੁੰਚੀ ਅਤੇ ਰਾਵੀ ਨਦੀ ਦਾ ਨਿਰੀਖਣ ਕਰਨ ਲਈ ਬਚਾਅ ਕਰਮਚਾਰੀਆਂ ਦੇ ਨਾਲ ਇੱਕ ਕਿਸ਼ਤੀ ਵਿੱਚ ਸਵਾਰ ਹੋਈ।
ਉਨ੍ਹਾਂ ਨੇ ਹੜ੍ਹ ਰਾਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ, ਅਤੇ ਸ਼ਾਹਦਰਾ ਨੇੜੇ ਰਾਵੀ ਨਦੀ ਵਿੱਚੋਂ ਇੱਕ ਵੱਡੀ ਹੜ੍ਹ ਲਹਿਰ ਲੰਘਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਕਿਹਾ, “ਅਸੀਂ ਭਵਿੱਖ ਵਿੱਚ ਆਪਣੇ ਬੁਨਿਆਦੀ ਢਾਂਚੇ ਅਤੇ ਡੈਮਾਂ ਵਿੱਚ ਸੁਧਾਰ ਕਰਾਂਗੇ। ਅਸੀਂ ਪਾਣੀ ਸਟੋਰ ਕਰਨ ਲਈ ਢਾਂਚੇ ਵੀ ਬਣਾਵਾਂਗੇ ਅਤੇ ਹੁਣ ਤੋਂ ਹੜ੍ਹਾਂ ਨਾਲ ਨਜਿੱਠਣ ਦੀ ਯੋਜਨਾ ਬਣਾਵਾਂਗੇ।”
ਉਸਨੇ ਸੋਸ਼ਲ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ, “ਮੇਰੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਾਰੇ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਖੇਤਰ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।”
ਇਸ ਤੋਂ ਇਲਾਵਾ, ਸੀਨੀਅਰ ਸੂਬਾਈ ਮੰਤਰੀ ਮਰੀਅਮ ਔਰੰਗਜ਼ੇਬ, ਸੰਘੀ ਮੰਤਰੀ ਅਬਦੁਲ ਅਲੀਮ ਖਾਨ ਅਤੇ ਸੂਬਾਈ ਸੂਚਨਾ ਮੰਤਰੀ ਅਜ਼ਮਾ ਬੁਖਾਰੀ ਦੇ ਨਾਲ, ਸ਼ਾਹਦਰਾ ਅਤੇ ਮੂਲਾਂਵਾਲ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ, ਤਾਂ ਜੋ ਚੱਲ ਰਹੀ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਸਕੇ।