ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ ਅਚਾਨਕ ਲਾਪਤਾ ਹੋ ਗਈ। ਵਰਜਿਨ ਅਟਲਾਂਟਿਕ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ VS301 ਦੀ ਤਕਨੀਕੀ ਖਰਾਬੀ ਕਾਰਨ ਅਚਾਨਕ ਇਸਤਾਂਬੁਲ ਵਿਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਇਹ ਕਦਮ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਚੁੱਕਿਆ ਗਿਆ ਕਿਉਂਕਿ ਫਲਾਈਟ ਵਿਚ ਤਕਨੀਕੀ ਖਰਾਬੀ ਸਾਹਮਣੇ ਆਈ ਸੀ। ਏਅਰਲਾਈਨ ਨੇ ਅਧਿਕਾਰਕ ਬਿਆਨ ਵਿਚ ਦੱਸਿਆ ਕਿ ਇਹ ਕਦਮ ਅਹਿਤਿਆਤ ਵਜੋਂ ਚੁੱਕਿਆ ਗਿਆ ਕਿਉਂਕਿ ਫਲਾਈਟ ਵਿਚ ‘ਮਾਈਨਰ ਟੈਕਨੀਕਲ ਇਸ਼ੂ’ ਆ ਗਿਆ ਸੀ। ਦੂਜੇ ਪਾਸੇ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਘਟਨਾ ਦੇ ਬਾਅਦ ਇਸਤਾਂਬੁਲ ਏਅਰਪੋਰਟ ‘ਤੇ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ।
ਯਾਤਰੀਆਂ ਮੁਤਾਬਕ ਲਗਭਗ 12 ਘੰਟੇ ਦੇ ਦੇਰੀ ਦੇ ਬਾਅਦ ਉਨ੍ਹਾਂ ਨੂੰ ਦੂਜੇ ਜਹਾਜ਼ ਤੋਂ ਲੰਦਨ ਲਈ ਰਵਾਨਾ ਕੀਤਾ ਗਿਆ। ਯਾਤਰੀਆਂ ਨੇ ਕਿਹਾ ਕਿ ਏਅਰਲਾਈਨ ਨੇ ਉਨ੍ਹਾਂ ਨੂੰ ਦੂਜੇ ਜਹਾਜ਼ ਤੋਂ ਰਾਤ 10.55 (ਸਥਾਨਕ ਸਮਾਂ) ‘ਤੇ ਲੰਦਨ ਲਈ ਰਵਾਨਾ ਕੀਤਾ ਜੋ ਉਥੇ 00.15 (ਸਥਾਨਕ ਸਮੇਂ) ‘ਤੇ ਪਹੁੰਚਿਆ।
ਏਅਰਲਾਈਨ ਨੇ ਯਾਤਰੀਆਂ ਨੂੰ ਜ਼ਰੂਰੀ ਸਹਾਇਤਾ ਤੇ ਜਾਣਕਾਰੀ ਦੇਣ ਦਾ ਦਾਅਵਾ ਕੀਤਾ। ਏਅਰਲਾਈਨ ਨੇ ਕਿਹਾ ਕਿ ਸਾਡੇ ਗਾਹਕਾਂ ਤੇ ਕਰੂ ਮੈਂਬਰਾਂ ਦੀ ਸੁਰੱਖਿਆ ਸਾਡੀ ਸਰਵਉੱਚ ਪਹਿਲ ਹੈ। ਅਸਹੂਲਤ ਲਈ ਅਸੀਂ ਖਿਮਾ ਚਾਹੁੰਦੇ ਹਾਂ ਪਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫਲਾਈਟ ਨੂੰ ਇਸਤਾਂਬੁਲ ਡਾਇਵਰਟ ਕੀਤਾ ਗਿਆ।