ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਟੋਲ ਪਲਾਜ਼ਾ ਨੇੜੇ ਬਣੇ ਦੱਖਣੀ ਬਾਈਪਾਸ ’ਤੇ ਇੱਕ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ। ਲੁਧਿਆਣਾ ਦੀ ਬਸਤੀ ਜੋਧੇਵਾਲ ਨੂੰ ਸਪਲਾਈ ਲਈ ਪੁਣੇ ਤੋਂ ਟਰੱਕ ਵਿੱਚ ਦੋ ਬਾਇਲਰ ਲਿਆਂਦੇ ਜਾ ਰਹੇ ਸਨ। ਡਰਾਈਵਰ ਪਵਨ ਅਨੁਸਾਰ ਮੁੱਲਾਂਪੁਰ ਤੋਂ ਪਹਿਲਾਂ ਰਾਏਕੋਟ ਰੋਡ ‘ਤੇ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਲੁੱਟਣ ਲਈ ਪਿੱਛਾ ਕੀਤਾ ਸੀ। ਇਨ੍ਹਾਂ ਬਦਮਾਸ਼ਾਂ ਨੇ ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ।
ਪਵਨ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਨੂੰ ਕਿਹਾ ਕਿ ਉਸ ਨੇ ਉਨ੍ਹਾਂ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਹੈ, ਇਸ ਲਈ ਉਸ ਨੂੰ ਜ਼ੁਰਮਾਨਾ ਭਰਨਾ ਚਾਹੀਦਾ ਹੈ। ਜਦੋਂ ਕਿ ਉਹ ਉਨ੍ਹਾਂ ਲੋਕਾਂ ਨੂੰ ਜਾਣਦਾ ਵੀ ਨਹੀਂ ਸੀ ਅਤੇ ਨਾ ਹੀ ਉਸ ਨੇ ਕੋਈ ਨੁਕਸਾਨ ਕੀਤਾ ਸੀ। ਪਵਨ ਅਨੁਸਾਰ ਬਦਮਾਸ਼ਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਪਵਨ ਨੂੰ ਉਨ੍ਹਾਂ ਨੇ ਉੱਥੇ ਹੀ ਛੱਡ ਦਿੱਤਾ। ਲੁਧਿਆਣਾ ਪਹੁੰਚਣ ਤੋਂ ਬਾਅਦ ਉਸਦਾ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ। ਪਵਨ ਨੇ ਦੱਸਿਆ ਕਿ ਉਸ ਦੇ ਟਰੱਕ ਦੇ ਅੱਗੇ ਇਕ ਬੇਸਹਾਰਾ ਜਾਨਵਰ ਆ ਗਿਆ, ਜਿਸ ਕਾਰਨ ਉਸ ਦੀ ਗੱਡੀ ਬੇਕਾਬੂ ਹੋ ਕੇ ਹੇਠਾਂ ਡਿੱਗ ਗਈ। ਜਦਕਿ ਮੌਕੇ ਦੇ ਚਸ਼ਮਦੀਦਾਂ ਮੁਤਾਬਕ ਪਵਨ ਉਕਤ ਬਦਮਾਸ਼ਾਂ ਤੋਂ ਡਰਿਆ ਹੋਇਆ ਸੀ। ਲੁੱਟ ਦੇ ਡਰ ਕਾਰਨ ਘਬਰਾ ਕੇ ਕਾਰ ਪੁਲ ਤੋਂ ਹੇਠਾਂ ਡਿੱਗ ਗਈ।