ਆਮਦਨ ਤੋਂ ਵੱਧ ਮਾਮਲੇ ਵਿਚ ਗ੍ਰਿਫਤਾਰ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ। ਮੋਹਾਲੀ ਦੀ ਅਦਾਲਤ ਨੇ ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰਨ ’ਤੇ ਪੂਰੀ ਰੋਕ ਲਗਾ ਦਿੱਤੀ ਅਤੇ ਹਦਾਇਤ ਕੀਤੀ ਹੈ ਕਿ ਮਜੀਠੀਆ ਦੀਆਂ ਜਾਇਦਾਦਾਂ ਦੇ ਮੁਲਾਂਕਣ ਲਈ ਉਨ੍ਹਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੂੰ 24 ਘੰਟੇ ਪਹਿਲਾਂ ਅਗਾਊਂ ਨੋਟਿਸ ਦਿੱਤਾ ਜਾਵੇ।
ਇਸ ਦੀ ਜਾਣਕਾਰੀ ਖੁਦ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦਿੰਦਿਆਂ ਦੱਸਿਆ ਕਿ ਅਦਾਲਤ ਨੇ ਕੇਸ ਦੇ ਜਾਂਚ ਅਫਸਰ (ਆਈ ਓ) ਨੂੰ ਮਜੀਠੀਆ ਦੇ ਟਿਕਾਣਿਆਂ ’ਤੇ ਜਾਣ ਦੀ ਇਜਾਜ਼ਤ ਦਿੱਤੀ ਸੀ। ਉਹਨਾਂ ਕਿਹਾ ਕਿ ਅੱਜ ਸਵੇਰੇ ਆਈ ਓ ਨੇ ਬਜਾਏ ਆਪ ਜਾਣ ਦੇ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਦਿੱਲੀ, ਅੰਮ੍ਰਿਤਸਰ ਤੇ ਮਜੀਠਾ ਵਿਚ ਤਿੰਨ ਵੱਖ-ਵੱਖ ਟਿਕਾਣਿਆਂ ’ਤੇ ਗੈਰ ਕਾਨੂੰਨੀ ਤੌਰ ’ਤੇ ਭੇਜ ਦਿੱਤੀਆਂ ਤੇ ਇਸ ਦੀ ਖਬਰ ਵੀ ਮੀਡੀਆ ਨਾਲ ਸਾਂਝੀ ਕੀਤੀ ਤਾਂ ਜੋ ਮੀਡੀਆ ਟ੍ਰਾਇਲ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਗੈਰ-ਕਾਨੂੰਨੀ ਛਾਪਿਆਂ ਬਾਰੇ ਤੁਰੰਤ ਅਦਾਲਤ ਨੂੰ ਸੂਚਿਤ ਕੀਤਾ ਤਾਂ ਅਦਾਲਤ ਨੇ ਇਹ ਛਾਪੇਮਾਰੀ ਤੁਰੰਤ ਬੰਦ ਕਰਨ ਦੇ ਹੁਕਮ ਦੇ ਦਿੱਤੇ।




