ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ 6 ਸਤੰਬਰ 2024 ਨੂੰ ਆਉਣ ਵਾਲੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰੀ ਹੋਈ ਹੈ। ਪੰਜਾਬ ਵਿੱਚ ਇਸ ਫਿਲਮ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ ਅਤੇ ਇਸ ਫ਼ਿਲਮ ‘ਤੇ ਰੋਕ ਲਗਾਉਣ ਦੀ ਮੰਗ ਉੱਠ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਸ਼ਾਸਿਤ ਸੂਬੇ ‘ਚ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਉੱਠਣ ਲੱਗੀ ਹੈ।
ਕੰਗਨਾ ਰਣੌਤ ਦੀ ਇਹ ਫਿਲਮ 6 ਸਤੰਬਰ ਨੂੰ ਦੇਸ਼ ਭਰ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਪਰ ਹੁਣ ਰਿਲੀਜ਼ ਤੋਂ ਪਹਿਲਾਂ ਤੇਲੰਗਾਨਾ ‘ਚ ਫਿਲਮ ‘ਤੇ ਪਾਬੰਦੀ ਲੱਗਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।
ਹਾਲ ਹੀ ‘ਚ ਰਾਜ ਸਰਕਾਰ ਦੇ ਸਲਾਹਕਾਰ ਮੁਹੰਮਦ ਅਲੀ ਸ਼ਬੀਰ ਨੇ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਲਮ ‘ਤੇ ਪਾਬੰਦੀ ਲਾਉਣ ਬਾਰੇ ਸਰਕਾਰ ਹੀ ਫੈਸਲਾ ਲੈ ਸਕਦੀ ਹੈ। ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਫ਼ਿਲਮ ਨਿਰਮਾਤਾ ਨੂੰ ਫ਼ਿਲਮ ਸਬੰਧੀ ਕਾਨੂੰਨੀ ਨੋਟਿਸ ਭੇਜਿਆ ਸੀ।