ਸੂਰਤ, 20 ਅਪ੍ਰੈਲ : ਸੂਰਤ ਦੀ ਅਦਾਲਤ ਨੇ ਅੱਜ ਵੀਰਵਾਰ ਨੂੰ ਮਾਣਹਾਨੀ ਮਾਮਲੇ ਵਿੱਚ 2 ਸਾਲ ਦੀ ਸਜ਼ਾ ਦੇ ਖਿਲਾਫ ਰਾਹੁਲ ਗਾਂਧੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਰਾਹੁਲ ਗਾਂਧੀ ਹੁਣ ਹਾਈ ਕੋਰਟ ਵਿੱਚ ਅਪੀਲ ਕਰਨਗੇ। ਸੂਰਤ ਦੀ ਸੈਸ਼ਨ ਅਦਾਲਤ ‘ਚ ਇਸ ਮਾਮਲੇ ਦੀ ਸੁਣਵਾਈ 13 ਅਪ੍ਰੈਲ ਨੂੰ ਰੱਖੀ ਗਈ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੈਸ਼ਨ ਕੋਰਟ ਦੇ ਜੱਜ ਆਰ ਪੀ ਮੋਗੇਰਾ ਅੱਜ ਵੀਰਵਾਰ ਨੂੰ ਕੋਰਟ ਰੂਮ ਵਿਚ ਆਏ ਅਤੇ ਪਟੀਸ਼ਨ ‘ਤੇ ਫੈਸਲਾ ਦਿੰਦੇ ਹੋਏ ਸਿਰਫ ਇਕ ਸ਼ਬਦ ਬੋਲਿਆ, ਡਿਸਮਿਸ ਯਾਨੀ ਖਾਰਜ।
ਇਹ ਮਾਮਲਾ 2019 ਵਿਚ ਬੈਂਗਲੁਰੂ ਵਿਚ ਇਕ ਚੋਣ ਰੈਲੀ ਦੌਰਾਨ ਰਾਹੁਲ ਦੁਆਰਾ ਦਿੱਤੇ ਗਏ ਬਿਆਨ ਨਾਲ ਸਬੰਧਤ ਹੈ। ਰਾਹੁਲ ਨੇ ਰੈਲੀ ‘ਚ ਕਿਹਾ ਸੀ ਕਿ ਹਰ ਚੋਰ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ। ਇਸ ਬਿਆਨ ‘ਤੇ ਗੁਜਰਾਤ ਦੇ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਸਾਲ 23 ਮਾਰਚ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਸੀ। ਅਗਲੇ ਦਿਨ ਰਾਹੁਲ ਗਾਂਧੀ ਦੀ ਸੰਸਦ ਮੈਂਬਰੀ ਰੱਦ ਕਰ ਦਿੱਤੀ ਗਈ ਸੀ।