ਐਤਵਾਰ ਦੇਰ ਸ਼ਾਮ ਲੁਧਿਆਣਾ ਵਿੱਚ ਪੀਏਯੂ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ) ਦੇ ਹੋਸਟਲ ਦੇ ਕਮਰੇ ਵਿੱਚ ਇੱਕ ਵਿਦਿਆਰਥੀ ਦੀ ਲਾਸ਼ ਲਟਕਦੀ ਮਿਲੀ। ਹੋਸਟਲ ‘ਚ ਰਹਿਣ ਵਾਲੇ ਬਾਕੀ ਵਿਦਿਆਰਥੀਆਂ ਨੇ ਲਾਸ਼ ਨੂੰ ਲਟਕਦੀ ਦੇਖ ਕੇ ਰੌਲਾ ਪਾ ਦਿੱਤਾ। ਹੋਸਟਲ ਵਾਰਡਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਦਿਆਰਥੀ ਦਾ ਨਾਂ ਯੋਗੇਸ਼ ਹੈ। ਯੋਗੇਸ਼ ਪੈਥੋਲੋਜੀ ਵਿਭਾਗ ਦੇ ਪਹਿਲੇ ਸਾਲ ਵਿੱਚ ਪੜ੍ਹਦਾ ਸੀ। ਯੋਗੇਸ਼ ਰਾਜਸਥਾਨ ਦਾ ਰਹਿਣ ਵਾਲਾ ਹੈ। ਪਿਛਲੇ ਹਫ਼ਤੇ ਉਸ ਨੇ ਮੈਰਾਥਨ ਵਿੱਚ ਵੀ ਹਿੱਸਾ ਲਿਆ ਸੀ।
ਜਾਣਕਾਰੀ ਅਨੁਸਾਰ ਮੌਕੇ ‘ਤੇ ਪੁੱਜੀ ਪੀ.ਏ.ਯੂ. ਪੁਲਿਸ ਨੇ ਹੋਸਟਲ ਵਿੱਚ ਰਹਿ ਰਹੇ ਕਈ ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ। ਪੁਲਸ ਨੇ ਯੋਗੇਸ਼ ਦੀ ਲਾਸ਼ ਨੂੰ ਫਾਹੇ ਤੋਂ ਹੇਠਾਂ ਉਤਾਰਿਆ। ਉਸ ਦੇ ਕਮਰੇ ਦੀ ਤਲਾਸ਼ੀ ਵੀ ਲਈ ਗਈ ਪਰ ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਸ ਨੇ ਯੋਗੇਸ਼ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਭਲਕੇ ਇੱਥੇ ਪੁੱਜਣ ਤੋਂ ਬਾਅਦ ਯੋਗੇਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਯੋਗੇਸ਼ ਕਾਫੀ ਤਣਾਅ ਵਿਚ ਸੀ। ਤਣਾਅ ‘ਚ ਰਹਿਣ ਦਾ ਕਾਰਨ ਕੀ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਪੁਲਿਸ ਮ੍ਰਿਤਕ ਦੇ ਮੋਬਾਈਲ ਡਿਟੇਲ ਆਦਿ ਦੀ ਵੀ ਜਾਂਚ ਕਰ ਰਹੀ ਹੈ। ਵਿਦਿਆਰਥੀ ਦੀ ਮੌਤ ਤੋਂ ਬਾਅਦ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।