ਰਾਜਪੁਰਾ (ਪਟਿਆਲਾ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਦੁਨੀਆ ਭਰ ਦੇ ਮੋਹਰੀ ਸਨਅਤਕਾਰ ਹੁਣ ਸੂਬੇ ਦਾ ਰੁਖ਼ ਕਰਨ ਲੱਗੇ ਹਨ।
ਨੀਦਰਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਫ਼ਸਲਾਂ ਦੀ ਖੇਤੀ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਫ਼ਸਲੀ ਵਿਭਿੰਨਤਾ ਲਈ ਨਵੇਂ ਰਾਹ ਤਲਾਸ਼ ਰਹੇ ਹਨ ਜਾਂ ਉਹ ਬਿਹਤਰ ਕਮਾਈ ਲਈ ਬਾਗ਼ਬਾਨੀ, ਡੇਅਰੀ, ਮੁਰਗੀ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਹੋਰ ਕਿੱਤਿਆਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਫੀਡ ਬਣਾਉਣ ਵਾਲੀਆਂ ਦੁਨੀਆ ਭਰ ਦੀਆਂ ਮੋਹਰੀ 10 ਮੋਹਰੀ ਕੰਪਨੀਆਂ ਵਿੱਚੋਂ ਇਕ ਡੀ ਹਿਊਜ਼ ਨੇ ਇੱਥੇ ਪਲਾਂਟ ਸਥਾਪਤ ਕਰਨ ਜਾ ਰਹੀ ਹੈ ਅਤੇ 138 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ ਵਿੱਚ ਬਣ ਰਹੇ ਇਸ ਨਾਲ ਪਲਾਂਟ ਨਾਲ ਅਜਿਹੇ ਕਿਸਾਨਾਂ ਦੀਆਂ ਉਮੀਦਾਂ ਜਗੀਆਂ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਬਿਹਤਰੀਨ ਤਕਨਾਲੋਜੀ ਆਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਨੀਦਰਲੈਂਡ ਦੀ ਕਿਸੇ ਇਕ ਕੰਪਨੀ ਦਾ ਪੰਜਾਬ ਵਿੱਚ ਪਹਿਲਾ ਵੱਡਾ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਨੀਦਰਲੈਂਡ ਨੂੰ ਵਿਸ਼ਵ ਭਰ ਵਿੱਚ ਖੇਤੀਬਾੜੀ ਉਤਪਾਦਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਮੰਨਿਆ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਲਾਂਟ ਪਸ਼ੂਆਂ ਲਈ ਹਰੇਕ ਤਰ੍ਹਾਂ ਦੇ ਉਤਪਾਦ ਬਣਾਏਗਾ, ਜਿਨ੍ਹਾਂ ਵਿੱਚ ਕੰਪਾਊਂਡ ਫੀਡ, ਕਨਸਟਰੇਟਸ, ਬੇਸ ਮਿਕਸ ਤੇ ਡੇਅਰੀ ਮਿਨਰਲ ਮਿਕਸ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪਲਾਂਟ ਦਾ ਪਹਿਲਾ ਪੜਾਅ ਸਾਲ 2025 ਦੀ ਪਹਿਲੀ ਤਿਮਾਹੀ ਤੱਕ ਮੁਕੰਮਲ ਹੋ ਜਾਵੇਗਾ, ਜਿਹੜਾ 180 ਕਿੱਲੋ ਮੀਟਰਿਕ ਟਨ ਪਸ਼ੂਆਂ ਦੀ ਫੀਡ ਤਿਆਰ ਕਰੇਗਾ। ਇਸ ਸਮਰੱਥਾ ਵਿੱਚ 240 ਕਿੱਲੋ ਮੀਟਰਿਕ ਟਨ ਤੱਕ ਵਾਧਾ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਵਿੱਚ ਉਤਪਾਦਨ ਲਈ ਦੋ ਲਾਈਨਾਂ ਹੋਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਨਿਵੇਸ਼ ਲਿਆਉਣ ਦਾ ਭਰੋਸਾ ਦਿੱਤਾ ਸੀ ਅਤੇ ਸੂਬਾ ਸਰਕਾਰ ਦੇ ਯਤਨਾਂ ਨਾਲ ਹੁਣ ਸਨਅਤਕਾਰ ਪੰਜਾਬ ਵੱਲ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਮੁੱਢ-ਕਦੀਮੋਂ ਉੱਦਮੀ ਅਤੇ ਲੀਡਰਸ਼ਿਪ ਦੇ ਗੁਣਾਂ ਨਾਲ ਭਰਪੂਰ ਹਨ, ਜਿਸ ਕਾਰਨ ਉਨ੍ਹਾਂ ਦੁਨੀਆ ਭਰ ਵਿੱਚ ਆਪਣੀ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਮਿਹਨਤ ਦਾ ਕੋਈ ਜਵਾਬ ਨਹੀਂ ਹੈ, ਜਿਸ ਕਾਰਨ ਪੰਜਾਬੀ ਹਰੇਕ ਖ਼ੇਤਰ ਵਿੱਚ ਆਪਣੀ ਛਾਪ ਛੱਡਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਉਤੇ ਪਹੁੰਚਾਉਣ ਲਈ ਇਸ ਉੱਦਮੀ ਭਾਵਨਾ ਦੀ ਢੁਕਵੀਂ ਵਰਤੋਂ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਨਾਲ ਹੁਣ ਤੱਕ ਪੰਜਾਬ ਵਿੱਚ 50840 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਉਨ੍ਹਾਂ ਕਿਹਾ ਕਿ ਟਾਟਾ ਸਟੀਲ ਨੇ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਵਿੱਚ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਜਿੰਦਲ ਸਟੀਲ, ਵਰਬੀਓ, ਕਲਾਸ, ਟੈਫੇ, ਹਿੰਦੋਸਤਾਨ ਲਿਵਰ ਤੇ ਹੋਰ ਕੰਪਨੀਆਂ ਵੀ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ 2.25 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪਲਾਂਟ ਉਨ੍ਹਾਂ ਦੇ ਮੂੰਹ ਉਤੇ ਵੱਡੀ ਚਪੇੜ ਹੈ, ਜਿਹੜੇ ਕਹਿੰਦੇ ਸੀ ਕਿ ਪੰਜਾਬ ਵਿੱਚ ਕੋਈ ਵੱਡਾ ਨਿਵੇਸ਼ ਨਹੀਂ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਕੋਲ ਉਦਯੋਗ ਪੱਖੀ ਸਿੰਗਲ ਵਿੰਡੋ ਸਿਸਟਮ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾ ਇਹ ਸਿਸਟਮ ਸਿਰਫ਼ ਢਕਵੰਜ ਹੁੰਦਾ ਸੀ ਅਤੇ ਇਸ ਦੀ ਸਹੀ ਵਰਤੋਂ ਨਹੀਂ ਹੁੰਦੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਐਮ.ਓ.ਯੂ. ਪਰਿਵਾਰਾਂ ਨਾਲ ਹੁੰਦੇ ਸਨ ਪਰ ਹੁਣ ਇਹ ਪੰਜਾਬ ਦੇ ਲੋਕਾਂ ਨਾਲ ਹੋ ਰਹੇ ਹਨ।
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਪਲਾਂਟ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਕ ਪ੍ਰੇਰਕ ਵਜੋਂ ਕੰਮ ਕਰੇਗਾ। ਲੋਕਾਂ ਨਾਲ ਆਪਣੀ ਭਾਵੁਕ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਵਾਂਗ ਨੀਦਰਲੈਂਡ ਦੇ ਲੋਕ ਵੀ ਮਿਹਨਤੀ ਤੇ ਸਹਿਣਸ਼ੀਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਲੋਕਾਂ ਦੀ ਮਦਦ ਨਾਲ ਆਰਥਿਕ ਵਿਕਾਸ ਦੀ ਇਕ ਨਵੀਂ ਕਹਾਣੀ ਲਿਖੀ ਜਾਵੇਗੀ।
ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਸਨਅਤਕਾਰ ਸੂਬੇੇ ਨੂੰ ਵਿਸ਼ਵ ਭਰ ਵਿੱਚ ਸਨਅਤੀ ਹੱਬ ਵਜੋਂ ਉਭਾਰਨ ਲਈ ਬਰਾਂਡ ਅੰਬੈਸਡਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਨਅਤ ਪੱਖੀ ਅਨੁਕੂਲ ਮਾਹੌਲ ਪ੍ਰਦਾਨ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਆਪਣੇ ਉੱਦਮੀ ਸੁਭਾਅ ਕਾਰਨ ਇਸ ਸਨਅਤੀ ਵਿਕਾਸ ਨੂੰ ਨਵੀਆਂ ਉਚਾਈਆਂ ਉਤੇ ਲੈ ਕੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮੌਕਿਆਂ ਦੀ ਧਰਤੀ ਅਤੇ ਦੇਸ਼ ਦਾ ਪ੍ਰਵੇਸ਼ ਦੁਆਰ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਕਾਰੋਬਾਰੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰ ਕੇ ਬੇਹੱਦ ਲਾਭ ਹੋਵੇਗਾ ਕਿਉਂਕਿ ਪੰਜਾਬ ਹੁਣ ਦੇਸ਼ ਦੇ ਸਨਅਤੀ ਧੁਰੇ ਵਜੋਂ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਫਿਰਕੂ ਸਦਭਾਵਨਾ, ਸਨਅਤਾ ਲਈ ਅਨੁਕੂਲ ਅਮਨ ਵਾਲਾ ਮਾਹੌਲ ਹੈ, ਜੋ ਸਨਅਤਾਂ ਦੇ ਸਮੁੱਚੇ ਵਿਕਾਸ, ਖ਼ੁਸ਼ਹਾਲੀ ਤੇ ਤਰੱਕੀ ਨੂੰ ਹੋਰ ਤੇਜ਼ੀ ਦੇ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਨੂੰ ਆਪਣੇ ਕਾਰੋਬਾਰ ਤੇ ਫੈਕਟਰੀਆਂ ਵਧਾਉਣ ਲਈ ਇਸ ਅਨੁਕੂਲ ਮਾਹੌਲ ਅਤੇ ਬਿਹਤਰੀਨ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਬਿਹਤਰੀਨ ਸਨਅਤੀ ਤੇ ਕੰਮਕਾਜੀ ਮਾਹੌਲ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਨਵੇਂ ਵਿਚਾਰਾਂ ਤੇ ਖੋਜਾਂ ਲਈ ਤਿਆਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ ਸੂਬਾ ਹਰੇਕ ਖ਼ੇਤਰ ਵਿੱਚ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਰਿਹਾ ਹੈ।