ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖਾਂ ਦੇ ਅੱਠਵੇਂ ਗੁਰੂ ਹਨ। ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਨਾਨਕ ਦੀ ਗੁਰਤਾਗੱਦੀ ਦਾ ਅਗਲਾ ਵਾਰਸ ਐਲਾਨ ਦਿੱਤਾ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਦੂਸਰੇ ਪੁੱਤਰ ਸਨ। ਪਹਿਲਾ ਪੁੱਤਰ ਰਾਮ ਰਾਇ ਗੁਰੂ ਮਰਿਆਦਾ ਤੋਂ ਥਿੜਕ ਗਿਆ ਸੀ ਅਤੇ ਉਸ ਨੇ ਗੁਰਬਾਣੀ ਦੀ ਤੁਕ ਨਿੱਜੀ ਸੁਆਰਥ ਲਈ ਅਤੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਬਦਲ ਦਿੱਤੀ ਸੀ। ਜਿਸ ਤੋਂ ਨਾਰਾਜ਼ਗੀ ਜ਼ਾਹਿਰ ਕਰਦਿਆਂ ਗੁਰੂ ਹਰਿ ਰਾਇ ਸਾਹਿਬ ਨੇ ਉਸ ਨੂੰ ਸਿੱਖੀ ਵਿਚੋਂ ਸਦਾ ਲਈ ਖਾਰਜ ਕਰ ਦਿੱਤਾ।
ਜਦ ਗੁਰੂ ਹਰਿ ਰਾਇ ਜੋਤੀ ਜੋਤ ਸਮਾਏ, ਆਪਜੀ ਦੀ ਉਮਰ 5 ਸਾਲ 2 ਮਹੀਨੇ 12 ਦਿਨ ਦੀ ਸੀ। ਗੁਰੂ ਹਰਿ ਕ੍ਰਿਸ਼ਨ ਗੁਰੂ ਸਾਹਿਬਾਨਾ ਦੀਆਂ 10 ਜੋਤਾਂ ਵਿਚੋਂ ਸਭ ਤੋਂ ਛੋਟੀ ਸੰਸਾਰਿਕ ਉਮਰ ਦੇ ਸਨ ਇਸੇ ਕਰਕੇ ਸਿਖ ਜਗਤ ਇਨ੍ਹਾ ਨੂੰ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦਾ ਹੈ। ਗੁਰਗੱਦੀ ਸਮੇਂ ਵੀ ਉਨ੍ਹਾਂ ਦੀ ਉਮਰ ਸਿਰਫ ਪੰਜ ਸਾਲ ਤਿੰਨ ਮਹੀਨੇ ਦੀ ਸੀ। ਇਨ੍ਹਾਂ ਨੇ ਐਨੀ ਛੋਟੀ ਉਮਰ ‘ਚ ਸਿਰਫ਼ ਢਾਈ ਸਾਲ ਗੁਰਗਦੀ ਦੇ ਦੌਰਾਨ, ਕੱਲ੍ਹੀ ਜ਼ਿੰਮੇਵਾਰੀ ਹੀ ਨਹੀਂ ਨਿਭਾਈ ਸਗੋਂ ਗੁਰੂ ਸਹਿਬਾਨਾਂ ਦੁਆਰਾ ਉਚੇ ਆਦਰਸ਼ਾਂ ਤੇ ਅਸੂਲਾਂ ਨੂੰ ਦ੍ਰਿੜ ਕਰਵਾਂਦੇ ਕਈ ਨਵੇਂ ਪੂਰਨੇ ਵੀ ਪਾਏ ਹਨ। ਉਮਰ ਭਾਵੇਂ ਛੋਟੀ ਸੀ ਪਰ ਅਕਾਲ ਪੁਰਖ ਦੇ ਨਾਮ ਦਾ ਐਸਾ ਆਤਮਿਕ ਰੰਗ ਚੜਿਆ ਸੀ ਕਿ ਦਰਸ਼ਨ ਕਰਨ ਵਾਲਿਆਂ ਨੂੰ ਵੀ ਆਤਮਿਕ ਹੁਲਾਰੇ ਵਿਚ ਲੈ ਆਉਂਦੇ। ਸੇਵਾ ਇਤਨੇ ਪਿਆਰ ਤੇ ਸ਼ਿਦਤ ਨਾਲ ਕਰਦੇ ਕਿ ਲੋਕਾਂ ਦੇ ਮਾਨਸਿਕ ਤੇ ਸਰੀਰਕ ਦੋਨੋਂ ਦੁਖ ਦਰਦ ਦੂਰ ਹੋ ਜਾਂਦੇ। ਬੋਲ ਇਤਨੇ ਮਿਠੇ ਤੇ ਅਵਾਜ਼ ਵਿਚ ਓਹ ਜਾਦੂ ਸੀ ਕੀ ਬੜੇ ਬੜੇ ਨਿਰਦੇਈ ਤੇ ਜਾਲਮ ਵੀ ਸ਼ਾਂਤ ਹੋ ਜਾਂਦੇ।
ਦੁਨੀਆਂ ਦਾ ਬਾਦਸ਼ਾਹ ਔਰੰਗਜ਼ੇਬ ਗੁਰੂ ਪਾਤਸ਼ਾਹ ਨੂੰ ਮਿਲਣ ਵਾਸਤੇ ਬੜਾ ਤੀਬਰ ਇੱਛਾ ਕਰਕੇ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਉਹਨਾਂ ਕੋਲ ਆ ਗਿਆ, ਲਗਭਗ ਅੱਧਾ ਘੰਟਾ ਗੁਰੂ ਦਰਬਾਰ ਦੇ ਬਾਹਰ ਦਰਵਾਜੇ ਤੇ ਖੜਾ ਰਿਹਾ ਕਿ ਗੁਰੂ ਪਾਤਸ਼ਾਹ ਮੈਨੂੰ ਦਰਸ਼ਨ ਦੇਣਗੇ, ਪਰ ਗੁਰੂ ਪਾਤਸ਼ਾਹ ਨੇ ਆਪਣੇ ਪਿਤਾ ਦੇ ਹੁਕਮਾਂ ਨੂੰ ਸਤਿ ਕਰਕੇ ਮੰਨਿਆ ਉਸ ਨੂੰ ਦਰਸ਼ਨ ਨਹੀਂ ਦਿੱਤੇ। ਸਮਾਂ ਇਹੋ ਜਿਹਾ ਆਇਆ ਦਿੱਲੀ ਵਿੱਚ ਬਿਮਾਰੀ ਗ੍ਰਸਤ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਵਡਾਉਂਦੇ ਹੋਏ ਖੁਦ ਗੁਰੂ ਪਾਤਸ਼ਾਹ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਏ। ਜਦੋਂ ਪਤਾ ਲੱਗ ਗਿਆ ਕਿ ਹੁਣ ਸਰੀਰ ਨੂੰ ਤਿਆਗਣਾ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਆਖਿਆ “ਬਾਬਾ ਬਸੈ ਗ੍ਰਾਮ ਬਕਾਲੇ” ਇਸ਼ਾਰਾ ਬਕਾਲੇ ਦੀ ਧਰਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਕਰ ਦਿੱਤਾ ਤੇ ਆਖਿਆ ਅੱਜ ਤੋਂ ਬਾਅਦ ਸੰਗਤਾਂ ਦੀ ਦੇਖਭਾਲ ਉਹੀ ਕਰਨਗੇ ਅਤੇ ਆਪ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੋਤੀ ਜੋਤਿ ਸਮਾ ਗਏ।