ਖੰਨਾ ਦੇ ਪਿੰਡ ਜਟਾਣਾ ’ਚ ਜਾਇਦਾਦ ਦੇ ਲਾਲਚ ’ਚ ਪੁੱਤਰ ਨੇ ਘਰਵਾਲੀ ਨਾਲ ਮਿਲ ਕੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਵਾਂ ਨੇ ਪਹਿਲਾਂ ਪਿਤਾ ਨੂੰ ਨੀਂਦ ਦੀਆਂ ਗੋਲੀਆਂ ਖੁਆਈਆਂ ਅਤੇ ਫਿਰ ਸਿਰ ’ਤੇ ਡੰਡੇ ਨਾਲ ਵਾਰ ਕਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਬਾਅਦ ’ਚ ਕੁਹਾੜੀ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੋਵਾਂ ਨੇ ਇਸ ਨੂੰ ਹਾਦਸਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਸਸਕਾਰ ਲਈ ਸ਼ਮਸ਼ਾਨਘਾਟ ਪਹੁੰਚੇ ਪਰ ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਪੁੱਤਰ ਤੇ ਨੂੰਹ ਨੂੰ ਹਿਰਾਸਤ ’ਚ ਲੈ ਲਿਆ, ਜਿਸ ਤੋਂ ਬਾਅਦ ਕਤਲ ਦਾ ਖ਼ੁਲਾਸਾ ਹੋਇਆ। ਪੁਲਿਸ ਨੇ ਜੁਗਰਾਜ ਸਿੰਘ ਤੇ ਉਸ ਦੀ ਪਤਨੀ ਰੇਨੂੰ ਰਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।