ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ 25 ਤੋਂ 27 ਦਸੰਬਰ ਤੱਕ ਫਤਹਿਗੜ੍ਹ ਸਾਹਿਬ ਵਿੱਚ ਹੋਵੇਗੀ। ਇਸ ਦੌਰਾਨ ਸੈਂਕੜੇ ਵੱਡੇ ਅਤੇ ਛੋਟੇ ਲੰਗਰ ਸੇਵਾ ਲਈ ਲਗਾਏ ਜਾਣਗੇ।
ਮਨੁੱਖੀ ਸਿਹਤ ਲਈ ਖਤਰਨਾਕ ਸਾਬਤ ਹੋ ਰਹੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵਾਤਾਵਰਣ ਅਨੁਕੂਲ ਸਮੱਗਰੀ ਮੁਹੱਈਆ ਕਰਵਾਏਗਾ। PPCB ਵੱਲੋਂ ਲੱਕੜ ਅਤੇ ਸਟਰੈਚ ਦੀਆਂ ਪਲੇਟਾਂ, ਕਟੋਰੀਆਂ, ਚਮਚੇ ਅਤੇ ਕਾਗਜ਼ ਦੇ ਕੱਪ ਪ੍ਰਦਾਨ ਕੀਤੇ ਜਾਣਗੇ। ਇਸ ਮੂਹਿੰਮ ਲਈ ਲਗਭਗ 2 ਲੱਖ ਪੇਪਰ ਕੱਪ, 2 ਲੱਖ ਕਟੋਰੇ, 2 ਲੱਖ ਤੋਂ ਵੱਧ ਚਮਚੇ ਅਤੇ 50,000 ਪਲੇਟਾਂ ਦਾ ਪ੍ਰਬੰਧ ਕੀਤਾ ਗਿਆ ਹੈ।
PPCB ਦੀਆਂ ਟੀਮਾਂ ਲੰਗਰਾਂ ਦਾ ਦੌਰਾ ਕਰ ਕੇ ਸਿੰਗਲ-ਯੂਜ਼ ਪਲਾਸਟਿਕ ਦੀ ਜਾਂਚ ਕਰੇਗੀ। ਜੇ ਕੋਈ ਪਲਾਸਟਿਕ ਵਰਤੀ ਜਾਂਦੀ ਹੈ, ਤਾਂ ਇਸ ਨੂੰ ਹਟਾ ਕੇ ਵਾਤਾਵਰਣ ਅਨੁਕੂਲ ਵਸਤੂਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਪਹਿਲ ਧਾਰਮਿਕ ਮੌਕੇ ‘ਤੇ ਵਾਤਾਵਰਣ ਦੀ ਸੁਰੱਖਿਆ ਲਈ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।




