ਜਗਰਾਉਂ : ਪੰਜਾਬ ਸਰਕਾਰ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਜਦੋਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੇ ਪਿੰਡ ਰਸੂਲਪੁਰ (ਢਾਹਾ) ਵਿਖੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਵਾਉਣ ਲਈ ਪੁੱਜੇ, ਤਾਂ ਮਾਸਟਰ ਰਣਜੀਤ ਸਿੰਘ ਨੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਡੇ ਪਿੰਡ ਦੇ ਨੌਜੁਆਨਾਂ ਨੂੰ ਚਿੱਟੇ ਵਾਲਿਆਂ ਦੇ ਨਾਲ ਨਾਲ ਰਾਵਾਂ ਵਾਲੀ ਨਕਲੀ ਸ਼ਰਾਬ ਦੇ ਸਮੱਗਲਰਾਂ ਨੇ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਅਤੇ ਨੌਜੁਆਨਾਂ ਨੂੰ ਬਚਾਉਣ ਦੀ ਬਹੁਤ ਲੋੜ ਹੈ।
ਪ੍ਰੋਗਰਾਮ ਦੌਰਾਨ ਮੌਜੂਦ ਪੁਲਿਸ ਥਾਣਾ ਸਦਰ ਦੇ ਐਸ.ਐਚ.ਓ.ਸੁਰਜੀਤ ਸਿੰਘ ਨੇ ਮੌਕੇ ਤੇ ਹੀ ਮਾਈਕ ਸੰਭਾਲਦਿਆਂ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਨੂੰ ਚਿੱਟੇ ਦੇ ਤਸ਼ਕਰਾਂ ਅਤੇ ਸ਼ਰਾਬ ਸਮੱਗਲਰਾਂ ਬਾਰੇ ਇੱਕ ਵਾਰ ਦੱਸ ਦਿਓ, ਦੋ ਦਿਨ ‘ਚ ਟੰਗ ਦਿਆਂਗੇ ਤੇ ਪਰਚਾ ਦਿਆਂਗੇ ਠੋਕ ਕੇ। ਉਹਨਾਂ ਆਖਿਆ ਕਿ ਸਾਡੇ ਪੰਜਾਬ ਦੀ ਜੁਆਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਬਖਸ਼ਾਂਗੇ ਨਹੀਂ। ਉਹਨਾਂ ਹੋਰ ਆਖਿਆ ਕਿ ਜਿਹੜੇ ਵੀ ਨੌਜੁਆਨ ਨਸ਼ੇ ਤੋਂ ਪ੍ਰਭਾਵਿਤ ਨੇ ਉਹਨਾਂ ਦਾ ਇਲਾਜ਼ ਕਰਵਾਇਆ ਜਾਵੇਗਾ ਅਤੇ ਜਿਹੜੇ ਚਿੱਟਾ ਵੇਚਦੇ ਹਨ, ਉਹਨਾਂ ਵਿਰੁੱਧ ਸਖਤ ਕਾਰਵਾਈ ਕਰਾਂਗੇ, ਬੱਸ…ਇੱਕ ਵਾਰ ਲੋਕ ਸਾਨੂੰ ਉਹਨਾਂ ਦੇ ਨਾਮ ਦੱਸ ਦੇਣ।