ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਪੰਜਾਬੀ ਗਾਇਕਾਂ ਦੇ ਨਾਲ ਨਾਲ ਬਾਲੀਵੁੱਡ ਦੇ ਕਈ ਫ਼ਿਲਮੀ ਸਿਤਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ, ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਅਦਾਕਾਰ ਰਾਜ ਕੁੰਦਰਾ ਵੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਮੇਹਰ’ ਦੀ ਪਹਿਲੇ ਦਿਨ ਦੀ ਬਾਕਸ ਆਫਿਸ ਕਮਾਈ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ।
ਰਾਜ ਕੁੰਦਰਾ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਅਤੇ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਨੇ ਅੱਜ ਕੁਝ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਉੱਥੇ ਦੀ ਸਥਿਤੀ ਦੇਖ ਕੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਰਾਜ ਕੁੰਦਰਾ ਨੇ ਆਪਣੀ ਪੋਸਟ ਵਿੱਚ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਫ਼ਿਲਮ ਪ੍ਰਮੋਸ਼ਨ ਨਹੀਂ ਹੈ। ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।