ਪੰਜਾਬ ਸੂਬੇ ਅਤੇ ਚੰਡੀਗੜ੍ਹ ‘ਚ ਹੁਣ ਦਿਨ ਵੇਲੇ ਬੜੀ ਤੇਜ਼ ਧੁੱਪ ਨਿਕਲਣ ਲੱਗ ਗਈ ਹੈ। ਮੌਸਮ ਖੁਸ਼ਕ ਹੋਣ ਕਰਕੇ ਤਾਪਮਾਨ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ ਇੱਕ ਡਿਗਰੀ ਵੱਧ ਗਿਆ ਹੈ, ਜੋ ਆਮ ਨਾਲੋਂ 4.5 ਡਿਗਰੀ ਵੱਧ ਹੈ। ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ 29.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ 2 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ, ਭਾਵੇਂ ਮੌਸਮ ਸਾਫ਼ ਹੋ ਗਿਆ ਹੈ, ਪਰ ਮਾਲਵਾ, ਦੋਆਬਾ ਅਤੇ ਮਾਝਾ ਖੇਤਰਾਂ ਵਿੱਚ ਅਜੇ ਵੀ ਧੁੰਦ ਪੈ ਰਹੀ ਹੈ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਅੰਮ੍ਰਿਤਸਰ, ਪਟਿਆਲਾ ਅਤੇ ਆਦਮਪੁਰ ਵਿੱਚ ਸੰਘਣੀ ਧੁੰਦ ਦਰਜ ਕੀਤੀ।
ਇਸ ਸਮੇਂ ਦੌਰਾਨ, ਅੰਮ੍ਰਿਤਸਰ ਵਿੱਚ ਦ੍ਰਿਸ਼ਟੀ ਜ਼ੀਰੋ ਅਤੇ ਪਟਿਆਲਾ ਵਿੱਚ 20 ਮੀਟਰ ਦਰਜ ਕੀਤੀ ਗਈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗਲੇ ਪੰਜ ਦਿਨਾਂ ਲਈ ਘੱਟੋ-ਘੱਟ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਆਉਣ ਦੀ ਉਮੀਦ ਨਹੀਂ ਹੈ।




