ਪੀਆਰਟੀਸੀ ਵੱਲੋਂ ਬੱਸ ਦੀ ਅਗਲੀ ਸੀਟ ’ਤੇ ਬੈਠਣ ਸਬੰਧੀ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਅਨੁਸਾਰ ਹੁਣ ਪੀ.ਆਰ.ਟੀ.ਸੀ. ਦੇ ਕੰਡਕਟਰ ਡਰਾਈਵਰ ਦੇ ਕੋਲ ਅਗਲੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿਛਲੇ ਪਾਸੇ ਖਿੜਕੀ ਦੇ ਕੋਲ ਸੀਟਾਂ ‘ਤੇ ਬੈਠਣਾ ਹੋਵੇਗਾ। ਪੀਆਰਟੀਸੀ ਨੇ ਬੱਸ ਡਰਾਈਵਰਾਂ ਲਈ ਹੁਕਮ ਜਾਰੀ ਕੀਤਾ ਹੈ ਕਿ ਹੁਣ ਕਿਸੇ ਵੀ ਪੀਆਰਟੀਸੀ ਬੱਸ ਵਿੱਚ ਸਫ਼ਰ ਕਰਦੇ ਸਮੇਂ ਡਰਾਈਵਰ ਅਤੇ ਕੰਡਕਟਰ ਇਕੱਠੇ ਨਹੀਂ ਬੈਠ ਸਕਦੇ ਹਨ। ਜੇਕਰ ਕੰਡਕਟਰ ਨੇ ਬੈਠਣਾ ਹੈ ਤਾਂ ਉਹ ਬੱਸ ਦੀ ਪਿਛਲੀ ਸੀਟ ‘ਤੇ ਬੈਠ ਜਾਵੇਗਾ। ਪੀਆਰਟੀਸੀ ਦੇ ਇਸ ਬਿਆਨ ਤੋਂ ਬਾਅਦ ਪੀਆਰਟੀਸੀ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਲੁਧਿਆਣਾ ਬੱਸ ਸਟੈਂਡ ’ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਪੀਆਰਟੀਸੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਦਫ਼ਤਰ ਨੂੰ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੀਆਰਟੀਸੀ ਕੰਡਕਟਰ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਤਹਿਤ ਨਿਰਧਾਰਤ ਸੀਟਾਂ ’ਤੇ ਨਹੀਂ ਬੈਠਦੇ। ਬੱਸਾਂ ਵਿੱਚ ਕਈ ਲੋਕ ਇੰਜਣ ਵਾਲੀ ਸੀਟ ਜਾਂ ਡਰਾਈਵਰ ਦੇ ਕੋਲ ਬੈਠੇ ਪਾਏ ਜਾਂਦੇ ਹਨ, ਜਿਸ ਕਾਰਨ ਕੰਡਕਟਰ ਬੱਸਾਂ ਤੋਂ ਉਤਰਨ ਜਾਂ ਚੜ੍ਹਨ ਵੇਲੇ ਧਿਆਨ ਨਹੀਂ ਦਿੰਦੇ। ਇਸ ਕਾਰਨ ਹਾਦਸੇ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਮੁੱਖ ਦਫ਼ਤਰ ਵੱਲੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਕੰਡਕਟਰਾਂ ਵੱਲੋਂ ਉਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਕੰਡਕਟਰ ਡਿਊਟੀ ਦੌਰਾਨ ਬੱਸ ਦੀ ਪਹਿਲੀ ਸੀਟ ‘ਤੇ ਜਾਂ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠਾ ਪਾਇਆ ਗਿਆ ਤਾਂ ਉਸ ਵਿਰੁੱਧ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।