ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸ੍ਰੀ ਕੀਰਤਪੁਰ ਸਾਹਿਬ-ਨੰਗਲ ਰਾਜਮਾਰਗ ਨੂੰ ਚਾਰ-ਮਾਰਗੀ ਰਾਜਮਾਰਗ ਬਣਾਉਣ ਲਈ ਜ਼ਮੀਨ ਪ੍ਰਾਪਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਲੋਕਾਂ ਦਾ ਸਫ਼ਰ ਸੌਖਾ ਹੋ ਜਾਵੇਗਾ। ਇਸ ਦੇ ਨਾਲ ਹੀ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ।
ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸੜਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੀ ਹੈ ਅਤੇ ਖਾਸ ਕਰਕੇ ਇਹ ਸ੍ਰੀ ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਵਰਗੇ ਪਵਿੱਤਰ ਸਥਾਨਾਂ ਨੂੰ ਜੋੜਦੀ ਹੈ।
ਇਸਦੇ ਨਾਲ ਹੀ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਨੂੰ ਚਾਰ ਮਾਰਗੀ ਬਣਾਉਣ ਲਈ ਨੰਗਲ ਦੇ 21 ਪਿੰਡਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ 34 ਪਿੰਡਾਂ ਦੀ ਹਾਈਵੇਅ ਨੇੜੇ ਜ਼ਮੀਨ ਐਕਵਾਇਰ ਕੀਤੀ ਜਾਵੇਗੀ, ਜਿਸ ਨੂੰ ਲਾਗੂ ਕਰਨ ਲਈ ਸਬੰਧਤ ਐਸ.ਡੀ.ਐਮ. ਨੂੰ ਸ਼ਕਤੀਆਂ ਦਿੱਤੀਆਂ ਗਈਆਂ ਹਨ।
ਬੈਂਸ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਚਾਰ-ਮਾਰਗੀ ਪ੍ਰਾਜੈਕਟ ਨੂੰ ਤੇਜ਼ ਕਰਨ ਲਈ ਧੰਨਵਾਦ ਕੀਤਾ, ਜੋ ਨਾ ਸਿਰਫ਼ ਸੜਕ ਸੁਰੱਖਿਆ ਨੂੰ ਵਧਾਏਗਾ ਬਲਕਿ ਸੜਕ ਸੰਪਰਕ ਨੂੰ ਬਿਹਤਰ ਬਣਾ ਕੇ ਅਤੇ ਸੁਚਾਰੂ ਆਵਾਜਾਈ ਪ੍ਰਦਾਨ ਕਰਕੇ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ।