ਚੰਡੀਗੜ੍ਹ : ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਪਾਰ ਦੀ ਸਹੂਲਤ ਅਤੇ ਸਖ਼ਤ ਟੈਕਸ ਅਨੁਪਾਲਣ (ਟੈਕਸ ਨਿਯਮਾਂ ਦੀ ਪਾਲਣਾ) ਵਿਚਕਾਰ ਮਜ਼ਬੂਤੀ ਨਾਲ ਸੰਤੁਲਨ ਬਣਾ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਕਰ ਵਿਭਾਗ ਨੇ ਜੀ.ਐਸ.ਟੀ. ਪ੍ਰਣਾਲੀ ਤੋਂ ਪਹਿਲਾਂ ਦੇ ਕਰ ਬਕਾਇਆਂ ਦੀ ਵਸੂਲੀ ਲਈ ਇੱਕ ਵੱਡੀ ਮੁਹਿੰਮ ਤਹਿਤ 91.10 ਕਰੋੜ ਰੁਪਏ ਦੀਆਂ 136 ਜਾਇਦਾਦਾਂ ਅਟੈਚ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਨੇ ਵਪਾਰੀਆਂ ਨੂੰ ਪੁਰਾਣੇ ਬਕਾਏ ਚੁਕਾਉਣ ਵਿੱਚ ਮਦਦ ਕਰਨ ਲਈ ਇੱਕ ਬਹੁਤ ਹੀ ਲਾਹੇਵੰਦ ਯਕਮੁਸ਼ਤ ਨਿਪਟਾਰਾ ਸਕੀਮ ਦੇ ਸਮੇਂ ਵਿੱਚ ਵਾਧਾ ਕੀਤਾ ਹੈ, ਉੱਥੇ ਹੀ ਲਗਾਤਾਰ ਡਿਫਾਲਟਰ ਰਹਿਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਸਰਕਾਰ ਪਰੇਸ਼ਾਨੀ-ਰਹਿਤ ਅਤੇ ਸਾਜ਼ਗਾਰ ਕਾਰੋਬਾਰੀ ਮਾਹੌਲ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹੀ ਕਾਰਨ ਹੈ ਕਿ ਅਸੀਂ ਯਕਮੁਸ਼ਤ ਨਿਪਟਾਰਾ ਯੋਜਨਾ ਦੇ ਸਮੇਂ ਨੂੰ ਵਧਾਇਆ ਹੈ, ਜੋ ਵਪਾਰੀਆਂ ਨੂੰ ਉਨ੍ਹਾਂ ਦੇ ਜੀ.ਐਸ.ਟੀ. ਪ੍ਰਣਾਲੀ ਤੋਂ ਪਹਿਲਾਂ ਦੇ ਬਕਾਇਆਂ ਦਾ ਸੁਖਾਵੇਂ ਮਾਹੌਲ ਵਿੱਚ ਨਿਪਟਾਰਾ ਕਰਨ ਲਈ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਦੀ ਹੈ।”
ਆਬਕਾਰੀ ਅਤੇ ਕਰ ਮੰਤਰੀ ਨੇ ਅੱਗੇ ਕਿਹਾ, “ਹਾਲਾਂਕਿ, ਜਾਣਬੁੱਝ ਕੇ ਕੀਤੀ ਗਈ ਕਰ ਚੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 91 ਕਰੋੜ ਰੁਪਏ ਤੋਂ ਵੱਧ ਦੀਆਂ 136 ਜਾਇਦਾਦਾਂ ਨੂੰ ਅਟੈਚ ਕਰਨਾ ਇੱਕ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਕਰ ਵਿਭਾਗ ਵੱਡੇ ਡਿਫਾਲਟਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਿਹਾ ਹੈ। ਮੈਂ ਸਾਰੇ ਸਬੰਧਤ ਵਪਾਰੀਆਂ ਨੂੰ ਜ਼ੋਰਦਾਰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬਕਾਏ ਦਾ ਨਿਪਟਾਰਾ ਕਰਨ ਅਤੇ ਆਪਣੀਆਂ ਜਾਇਦਾਦਾਂ ਨੂੰ ਆਗਾਮੀ ਨਿਲਾਮੀ ਤੋਂ ਬਚਾਉਣ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਦਾ ਤੁਰੰਤ ਲਾਭ ਲੈਣ।”




