ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਇੰਸਪੈਕਟਰ ਵਿਜੇ ਕੁਮਾਰ, ਜੋ ਕਿ ਪਹਿਲਾਂ ਇੰਚਾਰਜ ਸੀ.ਆਈ.ਏ, ਸਮਾਣਾ, ਜ਼ਿਲ੍ਹਾ ਪਟਿਆਲਾ ਵਜੋਂ ਤਾਇਨਾਤ ਸੀ, ਨੂੰ ਸਹਿ-ਮੁਲਜ਼ਮ ਏ.ਐਸ.ਆਈ. ਰਘਵੀਰ ਸਿੰਘ ਨਾਲ ਮਿਲੀਭੁਗਤ ਕਰਕੇ ਛੇ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੰਸਪੈਕਟਰ ਵਿਜੇ ਕੁਮਾਰ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਦਰਜ ਐਫਆਈਆਰ ਨੰਬਰ 36 ਮਿਤੀ 23.10.2023 ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮੁਕੱਦਮੇ ਵਿੱਚ ਏਐਸਆਈ ਰਘਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਕੇਸ ਵਿੱਚ ਉਪਰੋਕਤ ਇੰਸਪੈਕਟਰ ਵਿਜੇ ਕੁਮਾਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਏ.ਐਸ.ਆਈ ਰਘਵੀਰ ਸਿੰਘ (ਨੰਬਰ 1245/ਪੀ.ਟੀ.ਐਲ.) ਖਿਲਾਫ ਪਟਿਆਲਾ ਜ਼ਿਲੇ ਦੇ ਸਮਾਣਾ ਕਸਬੇ ਦੇ ਵਸਨੀਕ ਸ਼ੈਂਪੀ ਸਿੰਘ ਵੱਲੋਂ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਾਜ਼ਮ ਵਿਰੁੱਧ ਇਹ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਮੁਲਜ਼ਮ ਏਐਸਆਈ ਨੇ ਉਸ ਖ਼ਿਲਾਫ਼ ਥਾਣਾ ਸਮਾਣਾ ਵਿੱਚ ਦਰਜ ਇੱਕ ਕੇਸ ਦੀ ਜਾਂਚ ਵਿੱਚ ਸ਼ਾਮਲ ਹੋਣ ਬਦਲੇ 10 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ 27-04-2023 ਨੂੰ ਛੇ ਲੱਖ ਰੁਪਏ ਰਿਸ਼ਵਤ ਵਜੋਂ ਪ੍ਰਾਪਤ ਵੀ ਕਰ ਲਏ ਸਨ ਅਤੇ ਬਾਕੀ ਚਾਰ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਮੁਕੱਦਮੇ ਦੀ ਅਗਲੇਰੀ ਜਾਂਚ ਜਾਰੀ ਸੀ।