ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਆਪ੍ਰੇਸ਼ਨ ਸਿੰਦੂਰ ‘ਤੇ ਚਰਚਾ ਦੌਰਾਨ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ “ਭਾਰਤ ਨੇ ਸਾਬਿਤ ਕਰ ਦਿੱਤਾ ਹੈ ਕਿ ਹੁਣ ਨਿਊਕਲੀਅਰ ਬਲੈਕਮੇਲਿੰਗ ਨਹੀਂ ਚੱਲੇਗੀ ਤੇ ਨਾ ਹੀ ਪ੍ਰਮਾਣੂ ਬਲੈਕਮੇਲਿੰਗ ਦੇ ਸਾਹਮਣੇ ਭਾਰਤ ਝੁਕੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਪ੍ਰਮਾਣੂ ਬਲੈਕਮੇਲ ਦੀ ਆੜ ਵਿੱਚ ਵਧ-ਫੁੱਲ ਰਹੇ ਅੱਤਵਾਦੀ ਠਿਕਾਣਿਆਂ ‘ਤੇ ਸਟੀਕਤਾ ਨਾਲ ਹਮਲਾ ਕਰੇਗਾ। ਭਾਰਤ ਦੀਆਂ ਤਿੰਨੋਂ ਫੌਜਾਂ, ਸਾਡੀ ਹਵਾਈ ਸੈਨਾ, ਸਾਡੀ ਫੌਜ ਅਤੇ ਸਾਡੀ ਜਲ ਸੈਨਾ, ਸਾਡੀ ਸੀਮਾ ਸੁਰੱਖਿਆ ਬਲ, ਭਾਰਤ ਦੇ ਅਰਧ ਸੈਨਿਕ ਬਲ ਲਗਾਤਾਰ ਚੌਕਸ ਹਨ।
ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਲੀਡਰ ਨੇ ਭਾਰਤ ਨੂੰ ਆਪ੍ਰੇਸ਼ਨ ਸਿੰਦੂਰ ਰੋਕਣ ਨੂੰ ਨਹੀਂ ਕਿਹਾ। ਪਾਕਿ ਦੇ DGMO ਨੇ ਫੋਨ ‘ਤੇ ਕਿਹਾ ਕਿ ਬਸ ਕਰੋ ਹੁਣ ਹੋਰ ਸਹਿਣ ਦੀ ਤਾਕਤ ਨਹੀਂ। ਸਾਡੀ ਸਰਕਾਰ ਨੇ ਫੌਜ ਨੂੰ ਪੂਰੀ ਆਜਾਦੀ ਦਿੱਤੀ ਸੀ ਤੇ ਪਾਕਿਸਤਾਨ ਕੁਝ ਨਹੀਂ ਕਰ ਸਕਿਆ। ਦੁਨੀਆ ਭਾਰਤ ਦੇ ਨਾਲ ਖੜ੍ਹੀ ਸੀ। ਪੂਰੀ ਦੁਨੀਆ ਨੇ ਭਾਰਤ ਦਾ ਸਮਰਥਨ ਕੀਤਾ, ਕਿਸੇ ਨੇ ਵੀ ਸਾਨੂੰ ਨਹੀਂ ਰੋਕਿਆ।
ਆਪ੍ਰੇਸ਼ਨ ਸਿੰਦੂਰ ਦੌਰਾਨ ਦੁਨੀਆ ਨੇ ਆਤਮ ਨਿਰਭਰ ਭਾਰਤ ਦੀ ਤਾਕਤ ਵੇਖੀ ਤੇ ਮੇਡ ਇਨ ਇੰਡੀਆ ਡ੍ਰੋਨ ਤੇ ਮਿਜ਼ਾਈਲ ਨੇ ਪਾਕਿਸਤਾਨੀ ਹਥਿਆਰਾਂ ਦੀ ਪੋਲ ਖੋਲ੍ਹ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਦੀਆਂ ਘਟਨਾਵਾਂ ਪਹਿਲਾਂ ਵੀ ਦੇਸ਼ ਵਿਚ ਹੁੰਦੀਆਂ ਸਨ ਪਰ ਉਦੋਂ ਉਨ੍ਹਾਂ ਦੇ ਮਾਸਟਰਮਾਈਂਡ ਨਿਸ਼ਚਿੰਤ ਰਹਿੰਦੇ ਸਨ ਤੇ ਅੱਗੇ ਦੀ ਤਿਆਰੀ ਵਿਚ ਲੱਗ ਜਾਂਦੇ ਸਨ ਪਰ ਹੁਣ ਹਾਲਾਤ ਬਦਲ ਗਏ ਹਨ ਤੇ ਹੁਣ ਹਮਲੇ ਦੇ ਬਾਅਦ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ।
PM ਮੋਦੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਜਾਰੀ ਹੈ ਤੇ ਜੇ ਪਾਕਿਸਤਾਨ ਨੇ ਕੋਈ ਹਰਕਤ ਕੀਤੀ ਤਾਂ ਠੋਕਵਾਂ ਜਵਾਬ ਦਿਆਂਗੇ । ਅੱਤਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 9 ਮਈ ਦੀ ਰਾਤ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਮੇਰੇ ਨਾਲ ਫੋਨ ‘ਤੇ ਕੀਤੀ ਗੱਲਬਾਤ ਸੀ। ਉਪ ਰਾਸ਼ਟਰਪਤੀ ਨੇ ਦੱਸਿਆ ਕਿ ਪਾਕਿ ਵੱਡਾ ਹਮਲਾ ਕਰਨ ਵਾਲਾ ਹੈ । ਮੈਂ ਜਵਾਬ ‘ਚ ਕਿਹਾ ਕਿ ਪਾਕਿ ਨੂੰ ਇਹ ਇਰਾਦਾ ਬਹੁਤ ਮਹਿੰਗਾ ਪਵੇਗਾ । ਜੇ ਪਾਕਿ ਹਮਲਾ ਕਰੇਗਾ ਤਾਂ ਅਸੀਂ ਗੋਲੀ ਦਾ ਜਵਾਬ ਗੋਲੇ ਨਾਲ ਦੇਵਾਂਗੇ।
ਆਪ੍ਰੇਸ਼ਨ ਸਿੰਦੂਰ ‘ਤੇ ਚਰਚਾ ਦੌਰਾਨ PM ਮੋਦੀ ਨੇ ਕਿਹਾ ਕਿ ਪਹਿਲਗਾਮ ਹਮਲੇ ਮਗਰੋਂ ਪਾਕਿ ਫੌਜ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਭਾਰਤ ਇੱਕ ਵੱਡੀ ਕਾਰਵਾਈ ਕਰੇਗਾ ਜਿਸ ਕਾਰਨ ਉਨ੍ਹਾਂ ਨੇ ਪ੍ਰਮਾਣੂ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਭਾਰਤ ਨੇ 6-7 ਮਈ ਦੀ ਰਾਤ ਨੂੰ ਬਿਲਕੁਲ ਉਸੇ ਤਰ੍ਹਾਂ ਕਦਮ ਚੁੱਕਿਆ ਜਿਵੇਂ ਫੈਸਲਾ ਕੀਤਾ ਗਿਆ ਸੀ ਤੇ ਪਾਕਿ ਕੁਝ ਨਹੀਂ ਕਰ ਸਕਿਆ। ਇਹ ਵਿਜੈ ਉਤਸਵ ਅੱਤਵਾਦ ਨੂੰ ਮਿੱਟੀ ‘ਚ ਮਿਲਾਉਣ ਦਾ ਹੈ। ਆਪ੍ਰੇਸ਼ਨ ਸਿੰਦੂਰ ਦੌਰਾਨ ਦੇਸ਼ ਵਾਸੀਆਂ ਨੇ ਮੇਰਾ ਸਾਥ ਦਿੱਤਾ। ਦੇਸ਼ ਦੀ ਜਨਤਾ ਦਾ ਮੇਰੇ ‘ਤੇ ਕਰਜ਼ਾ ਹੈ। ਮੈਂ ਦੇਸ਼ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ।