ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ ਕਿਸਾਨ ਸਨਮਾਨ ਸੰਮੇਲਨ ‘ਚ ਹਿੱਸਾ ਲੈਣਗੇ। ਇਸ ਦੌਰਾਨ, 9.26 ਕਰੋੜ ਲਾਭਪਾਤਰੀ ਕਿਸਾਨਾਂ ਨੂੰ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਵਜੋਂ 20,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। ਕਾਨਫਰੰਸ ਦੌਰਾਨ ਹੀ ਪੀਐਮ ਮੋਦੀ ਸਵੈ-ਸਹਾਇਤਾ ਸਮੂਹਾਂ ਦੀਆਂ 30,000 ਤੋਂ ਵੱਧ ਔਰਤਾਂ ਨੂੰ ਕ੍ਰਿਸ਼ੀ ਸਾਖੀ ਸਰਟੀਫਿਕੇਟ ਵੀ ਦੇਣਗੇ।
ਸੰਮੇਲਨ ਤੋਂ ਬਾਅਦ ਪੀਐਮ ਮੋਦੀ ਸ਼ਾਮ 7 ਵਜੇ ਦਸ਼ਾਸ਼ਵਮੇਧ ਘਾਟ ‘ਤੇ ਗੰਗਾ ਆਰਤੀ ‘ਚ ਹਿੱਸਾ ਲੈਣਗੇ। ਰਾਤ 8 ਵਜੇ ਕਾਸ਼ੀ ਵਿਸ਼ਵਨਾਥ ਮੰਦਿਰ ‘ਚ ਪੂਜਾ ਅਤੇ ਦਰਸ਼ਨ ਕਰਨਗੇ। 19 ਜੂਨ ਨੂੰ ਸਵੇਰੇ 9:45 ਵਜੇ ਬਿਹਾਰ ਦੇ ਨਾਲੰਦਾ ਦੇ ਖੰਡਰਾਂ ਦਾ ਦੌਰਾ ਕਰਨਗੇ। ਸਵੇਰੇ 10:30 ਵਜੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਕੈਂਪਸ ਦਾ ਉਦਘਾਟਨ ਕਰਨਗੇ। ਯੂਨੀਵਰਸਿਟੀ ਦੀ ਕਲਪਨਾ ਭਾਰਤ ਅਤੇ ਪੂਰਬੀ ਏਸ਼ੀਆ ਸੰਮੇਲਨ (ਈਏਐਸ) ਦੇਸ਼ਾਂ ਵਿਚਕਾਰ ਸਾਂਝੇ ਸਹਿਯੋਗ ਵਜੋਂ ਕੀਤੀ ਗਈ ਹੈ। ਸਮਾਰੋਹ ਵਿੱਚ 17 ਦੇਸ਼ਾਂ ਦੇ ਮਿਸ਼ਨਾਂ ਦੇ ਮੁਖੀਆਂ ਸਮੇਤ ਕਈ ਪਤਵੰਤੇ ਸ਼ਾਮਲ ਹੋਣਗੇ। ਨਾਲੰਦਾ ਦੇ ਨਵੇਂ ਕੈਂਪਸ ਵਿੱਚ ਦੋ ਅਕਾਦਮਿਕ ਬਲਾਕ ਹਨ ਜਿਨ੍ਹਾਂ ਵਿੱਚ 40 ਕਲਾਸਰੂਮ ਹਨ। ਇਨ੍ਹਾਂ ਵਿੱਚ 1,900 ਲੋਕ ਬੈਠ ਸਕਦੇ ਹਨ।