ਰਾਸ਼ਟਰੀ ਖੇਤੀ ਸਿੱਖਿਆ ਮਾਣਤਾ ਬੋਰਡ ਨੇ ਪੀ.ਏ.ਯੂ. ਨੂੰ 1 ਅਪ੍ਰੈਲ 2024 ਤੋਂ 31 ਮਾਰਚ 2029 ਤੱਕ ਪੰਜ ਸਾਲਾ ਲਈ ਮਾਨਤਾ ਨਾਲ ਨਿਵਾਜਿਆ ਹੈ। ਯੂਨੀਵਰਸਿਟੀ ਨੂੰ ਕੁੱਲ ਮਿਲਾ ਕੇ 4.00 ਵਿੱਚੋਂ 3.59 ਅੰਕ ਹਾਸਲ ਹੋਏ ਅਤੇ ਏ+ ਦਾ ਸਰਵੋਤਮ ਗਰੇਡ ਮਿਲਿਆ। ਇਹ ਗਰੇਡ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਪ੍ਰਦਾਨ ਕੀਤਾ ਗਿਆ। ਪੀ.ਏ.ਯੂ. ਦੇ ਸਾਰੇ ਕਾਲਜਾਂ ਨੂੰ ਵੀ ਮਾਨਤਾ ਦੀ ਪ੍ਰਵਾਨਗੀ ਹਾਸਲ ਹੋ ਗਈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਉੱਪਰ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਯੂਨੀਵਰਸਿਟੀ ਦੀ ਖੇਤੀ ਸਿੱਖਿਆ ਬਾਰੇ ਸਮਰਪਣੀ ਪਹੁੰਚ ਦਾ ਸਦਕਾ ਕਿਹਾ। ਉਹਨਾਂ ਕਿਹਾ ਕਿ ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ, ਲਗਨ ਅਤੇ ਸਮਰਪਣ ਸਦਕਾ ਇਹ ਪ੍ਰਾਪਤੀ ਹਾਸਲ ਹੋਈ ਹੈ।ਉਹਨਾਂ ਕਿਹਾ ਕਿ ਇਹ ਮਾਨਤਾ ਮਿਲਣਾ ਸਿਰਫ ਇਕ ਘਟਨਾ ਨਹੀਂ ਬਲਕਿ ਇਸ ਨਾਲ ਸਮੁੱਚੀ ਸੰਸਥਾ ਦੇ ਕੰਮਾਂ ਨੂੰ ਸੰਨਦ ਹਾਸਲ ਹੋਈ ਹੈ। ਡਾ. ਗਿੱਲ ਨੇ ਕਿਹਾ ਕਿ ਅਸੀਂ ਹਰ ਖੇਤਰ ਵਿਚ ਸਰਵੋਤਮ ਮਿਆਰ ਸਿਰਜੇ ਹਨ ਅਤੇ ਇਹ ਪ੍ਰਕਿਰਿਆ ਬਦਸਤੂਰ ਜਾਰੀ ਰਹੇਗੀ।