ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ 14 ਤੋਂ 15 ਸਤੰਬਰ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਅਤੇ ਐਨੀਮਲ ਯੂਨੀਵਰਸਿਟੀ ‘ਚ ਪਸ਼ੂ ਮੇਲਾ ਲੱਗੇਗਾ। ਅੱਜ ਯਾਨੀ 14 ਸਤੰਬਰ ਨੂੰ ਸੂਬੇ ਦੇ ਖੇਤੀਬਾੜੀ ਮੰਤਰੀ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ ਜਦੋਂ ਕਿ ਦੂਜੇ ਦਿਨ 15 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਮੇਲੇ ਦੇ ਵਿੱਚ ਸ਼ਿਰਕਤ ਕਰਨਗੇ।
ਮੇਲੇ ਨੂੰ ਲੈਕੇ PAU ਵਿਚ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਵਾਰ ਕਿਸਾਨ ਮੇਲੇ ਦੀ ਥੀਮ ਵਿਗਿਆਨਕ ਖੇਤੀ ਦੇ ਰੰਗ ਕਿਸਾਨ ਮੇਲਿਆਂ ਦੇ ਸੰਗ ਰੱਖਿਆ ਗਿਆ ਹੈ। ਖੇਤੀਬਾੜੀ ਮਾਹਿਰ ਡਾਕਟਰ ਜੀ.ਪੀ.ਐੱਸ ਸੋਢੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਲਾਨਾ 6 ਦੇ ਕਰੀਬ ਵੱਖ-ਵੱਖ ਜ਼ਿਲ੍ਹਿਆਂ ‘ਚ ਕਿਸਾਨ ਮੇਲੇ ਕਰਵਾਏ ਜਾਂਦੇ ਹਨ, ਇਹ ਕਿਸਾਨ ਮੇਲਾ ਯੂਨੀਵਰਸਿਟੀ ‘ਚ 14 ਤੋਂ 15 ਸਤੰਬਰ ਤੱਕ ਲਾਇਆ ਜਾਵੇਗਾ।
ਉਨ੍ਹਾ ਦੱਸਿਆ ਕਿ ਇਸ ਵਾਰ ਮੇਲੇ ‘ਚ ਕਣਕ ਦੀਆਂ 2 ਕਿਸਮਾਂ ਵੀ ਕਿਸਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ, ਜਿਸ ‘ਚ ਪੀ.ਬੀ.ਡਬਲਿਊ ਕਿਸਮਾਂ ਸ਼ਾਮਲ ਹਨ ਜੋ ਕਿ ਵਿਸ਼ੇਸ਼ ਤੌਰ ‘ਤੇ ਰੋਟੀ ਲਈ ਈਜਾਦ ਕੀਤੀਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਖੇਤੀ ਦੇ ਆਧੁਨਿਕ ਸੰਧਾ ਦੀਆਂ ਪ੍ਰਦਰਸ਼ਨੀਆਂ ਵੀ ਲੱਗਣਗੀਆਂ। ਇਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਖੇਤੀਬਾੜੀ ਮਾਹਿਰ ਰੂਬਰੂ ਹੋਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ 5 ਖੇਤੀਬਾੜੀ ‘ਚ ਅਹਿਮ ਯੋਗਦਾਨ ਦੇਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ।