Paddy procurement commences today : ਪੰਜਾਬ ‘ਚ ਹੜ੍ਹਾਂ ਅਤੇ ਭਾਰੀ ਮੀਂਹ ਵਾਲੇ ਗੰਭੀਰ ਹਾਲਾਤਾਂ ਵਿੱਚ ਅੱਜ ਯਾਨੀ 16 ਸਤੰਬਰ ਦਿਨ ਮੰਗਲਵਾਰ ਨੂੰ ਸੂਬੇ ‘ਚ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ‘ਚ ਸੂਬਾ ਸਰਕਾਰ ਵੱਲੋਂ 1822 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਸਰਕਾਰ ਨੇ ਇਸ ਵਾਰ ਝੋਨੇ ਦੀ ਖਰੀਦ ਲਈ 190 ਲੱਖ ਟਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਮਿਸ਼ਨ ਏਜੰਟਾਂ ਨਾਲ ਮੈਪਿੰਗ ਕਰਕੇ ਹੀ ਫਸਲ ਮੰਡੀਆਂ ਵਿੱਚ ਲਿਆਉਣ, ਤਾਂ ਜੋ ਉਨ੍ਹਾਂ ਨੂੰ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਡੀ ਅਫ਼ਸਰ ਅਤੇ ਮੰਤਰੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਵੱਖ-ਵੱਖ ਮੰਡੀਆਂ ਵਿੱਚ ਜਾ ਕੇ ਜਾਂਚ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਲਈ ਮੰਡੀਆਂ ਦਾ ਦੌਰਾ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਨਮੀ ਦੇ ਨਾਮ ‘ਤੇ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਮਨਮਾਨੀ ਹੋਈ ਤਾਂ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਉਸ ਖਿਲਾਫ਼ ਸਖ਼ਤ ਕਾਰਵਾਈ ਕਰੇਗੀ।
ਦੱਸ ਦਈਏ ਕਿ ਮੰਡੀ ਬੋਰਡ ਅਨੁਸਾਰ ਮੰਡੀਆਂ ਵਿੱਚ ਬਿਜਲੀ, ਪਾਣੀ ਸਮੇਤ ਹੋਰ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਨੇ ਸੂਬੇ ਦੀਆਂ ਹੜ੍ਹ ਪ੍ਰਭਾਵਿਤ ਸਾਰੀਆਂ ਅਨਾਜ ਮੰਡੀਆਂ ਨੂੰ ਮੁੜ ਤੋਂ ਚਾਲੂ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਹੈ। ਸਰਕਾਰ ਨੇ ਇਸ ਮੁਹਿੰਮ ‘ਚ ਖੜ੍ਹੇ ਪਾਣੀ ਅਤੇ ਗਾਰੇ ਨੂੰ ਹਟਾ ਕੇ, ਸਾਰੀਆਂ ਮੰਡੀਆਂ ਨੂੰ 19 ਸਤੰਬਰ ਤੱਕ ਖਰੀਦ ਸੀਜ਼ਨ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਉਣ ਲਈ ਕਿਹਾ ਹੈ।