ਜੀਐੱਸਟੀ ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਕੰਪਨੀਆਂ ਨੇ ਗਾਹਕਾਂ ਨੂੰ ਫਾਇਦਾ ਦੇਣ ਲਈ ਕਈ ਉਤਪਾਦਾਂ ਦੇ ਰੇਟ ਘਟਾਉਣ ਦਾ ਸਿਲਸਿਲਾ ਸ਼ਨੀਵਾਰ ਤੋਂ ਵੀ ਜਾਰੀ ਰੱਖਿਆ ਹੈ। ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਤਿਓਹਾਰੀ ਸੀਜ਼ਨ ‘ਚ ਬਾਜ਼ਾਰਾਂ ਵਿਚ ਖਾਸ ਰੌਣਕ ਰਹਿਣ ਵਾਲੀ ਹੈ।
ਹੁਣ ਸਿਰਫ਼ 5% ਤੇ 18% ਸਲੈਬ ‘ਚ GST ਲੱਗੇਗੀ। ਰੋਜ਼ਾਨਾ ਦਾ ਸਮਾਨ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ। ਲਗਜ਼ਰੀ ਚੀਜ਼ਾਂ ‘ਤੇ ਵੱਖ ਤੋਂ 40 ਫੀਸਦੀ ਟੈਕਸ ਲਗਾਇਆ ਜਾਵੇਗਾ। ਨਵੇਂ ਬਦਲਾਅ ਮੁਤਾਬਕ ਤੰਬਾਕੂ ਤੇ ਸਬੰਧਤ ਉਤਪਾਦ 28 ਫੀਸਦੀ ਤੋਂ ਵੱਧ ਟੈਕਸ ਦੀ ਸ਼੍ਰੇਣੀ ਵਿਚ ਬਣੇ ਰਹਿਣਗੇ। ਮੌਜੂਦਾ ਸਮੇਂ ਜੀਐੱਸਟੀ 5, 12, 18 ਤੇ 28 ਫੀਸਦੀ ਦੇ ਚਾਰ ਸਲੈਬਾਂ ਤਹਿਤ ਲਗਾਇਆ ਜਾਂਦਾ ਹੈ। ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਨਵੀਆਂ ਦਰਾਂ ਲਾਗੂ ਹੋਣ ਦੇ ਬਾਅਦ ਵਪਾਰ ਤੇ ਉਦਯੋਗ ਜਗਤ ਇਸ ਦਾ ਪੂਰਾ ਫਾਇਦਾ ਗਾਹਕਾਂ ਤੱਕ ਪਹੁੰਚਾਉਣ।
ਦੁੱਧ, ਪਨੀਰ, ਘਿਓ, ਮੱਖਣ ਤੇ ਸੁੱਕੇ ਮੇਵੇ ਸਸਤੇ ਹੋਣਗੇ। TV, ਫਰਿੱਜ,AC, ਕਾਰਾਂ, ਸਾਬਣ, ਸ਼ੈਂਪੂ ਦੀਆਂ ਕੀਮਤਾਂ ਵੀ ਘਟੀਆਂ ਹਨ। 33 ਜ਼ਰੂਰੀ ਦਵਾਈਆਂ ‘ਤੇ ਹੁਣ ਕੋਈ ਟੈਕਸ ਨਹੀਂ ਲੱਗੇਗਾ। ਕੋਲਡ ਡਰਿੰਕਸ, ਸ਼ਰਾਬ ਤੇ ਤੰਬਾਕੂ ਅੱਜ ਤੋਂ ਮਹਿੰਗੇ ਹੋਏ ਹਨ। ਵੱਡੇ ਵਾਹਨ (1200cc ਤੋਂ ਉੱਪਰ) ਤੇ 350cc ਤੋਂ ਉੱਪਰ ਦੀਆਂ ਬਾਈਕ ਵੀ ਮਹਿੰਗੀਆਂ ਹੋਈਆਂ ਹਨ। ਕੋਲਡ ਬੈਵਰੇਜਸ ਜਿਵੇਂ ਕਿ ਸਾਫਟ ਡਰਿੰਕਸ ਤੇ ਫਲੇਵਰਡ ਪਾਣੀ ਦੀਆਂ ਕੀਮਤਾਂ ਵੀ ਵਧੀਆਂ ਹਨ।
ਮਾਰੂਤੀ ਸੁਜ਼ੂਕੀ ਤੋਂ ਲੈ ਕੇ ਟਾਟਾ ਮੋਟਰਜ਼, ਮਹਿੰਦਰਾ, ਹੀਰੋ, ਬਜਾਜ ਅਤੇ ਹੌਂਡਾ ਤੱਕ, ਸਾਰੀਆਂ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਕਾਰਾਂ ਹੁਣ ₹3.50 ਲੱਖ ਵਿੱਚ ਅਤੇ ਬਾਈਕ ₹55,000 ਵਿੱਚ ਉਪਲਬਧ ਹਨ। ਮਾਰੂਤੀ ਨੇ ਆਪਣੀਆਂ ਕਾਰਾਂ ‘ਤੇ ₹1.29 ਲੱਖ ਤੱਕ ਦੀ ਛੋਟ ਦੀ ਪੇਸ਼ਕਸ਼ ਕੀਤੀ ਹੈ। ਟਾਟਾ ਦੀ ਸਭ ਤੋਂ ਸਸਤੀ ਕਾਰ, ਟਿਆਗੋ, ਹੁਣ ₹4.57 ਲੱਖ ਤੋਂ ਸ਼ੁਰੂ ਹੁੰਦੀ ਹੈ, ਜੋ ₹75,000 ਤੱਕ ਦੀ ਬਚਤ ਦੀ ਪੇਸ਼ਕਸ਼ ਕਰਦੀ ਹੈ।