ਮੈਰੀਟੋਰੀਅਸ ਸਕੂਲ ਪੰਜਾਬ ਸਰਕਾਰ ਦੁਆਰਾ ਸਾਲ 2014 ਵਿਚ ਪੰਜਾਬ ਦੇ ਹੁਸ਼ਿਆਰ ਪਰ ਲੋੜਵੰਦ ਵਿਦਿਆਰਥੀਆਂ ਲਈ ਖੋਲ੍ਹੇ ਗਏ ਸਨ। 2014 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਵਿਦਿਆਰਥੀ ਇਹਨਾਂ ਸਕੂਲਾਂ ਰਾਹੀਂ ਆਪਣੀ ਜ਼ਿੰਦਗੀ ਬਣਾ ਚੁੱਕੇ ਹਨ। ਹਰ ਵਾਰ ਭਾਵੇਂ ਉਹ ਸਲਾਨਾ ਪ੍ਰੀਖਿਆ ਹੋਵੇ ਜਾਂ ਕੋਈ ਮੁਕਾਬਲੇ ਦੀ ਪ੍ਰੀਖਿਆ, ਮੈਰੀਟੋਰੀਟਅਸ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਪ੍ਰਾਪਤੀਆਂ ਨਾਲ਼ ਹੈਰਾਨ ਕਰਦੇ ਹਨ।
ਇਸ ਸਾਲ ਪਹਿਲਾਂ ਬਾਰਵੀਂ ਦੇ ਸਲਾਨਾ ਨਤੀਜਿਆਂ ਵਿਚ ਜਿੱਥੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਓਥੇ ਹੀ ਹੁਣ ਦੇਸ਼ ਪੱਧਰੀ ਪ੍ਰੀਖਿਆ NEET ਵਿਚ ਵੀ ਮੈਰੀਟੋਰੀਅਸ ਵਿਦਿਆਰਥੀ ਸਭ ਤੋਂ ਅੱਗੇ ਹਨ। ਦਸ ਮੈਰੀਟੋਰੀਅਸ ਸਕੂਲਾਂ ਵਿਚੋਂ ਸੱਤ ਸਕੂਲਾਂ ਵਿਚ ਮੈਡੀਕਲ ਦੇ ਵਿਦਿਆਰਥੀ ਸਨ ਇਹਨਾਂ ਵਿਦਿਆਰਥੀਆਂ ਵਿਚੋਂ 117 ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ। ਪੂਰੇ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਕੁੱਲ 604 ਵਿਦਿਆਰਥੀਆਂ ਨੇ NEET ਪਾਸ ਕੀਤਾ ਹੈ।
7 ਵਿਦਿਆਰਥੀ ਸਿਰਫ 7 ਮੈਰੀਟੋਰੀਅਸ ਸਕੂਲਾਂ ਦੇ ਹਨ। ਇਹ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਏਨੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹਰ ਸਾਲ ਹੀ ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਪੰਜਾਬ ਦੇ ਬਾਕੀ ਸਾਰੇ ਸਕੂਲਾਂ ਤੋਂ ਚੰਗੇ ਰਹਿੰਦੇ ਹਨ।
ਪਰ ਮੌਜੂਦਾ ਪੰਜਾਬ ਸਰਕਾਰ ਨੇ ਇਹਨਾਂ ਨਤੀਜਿਆਂ ਦਾ ਜ਼ਿਕਰ ਕਰਦਿਆਂ ਕਿਤੇ ਵੀ ਮੈਰੀਟੋਰੀਅਸ ਸਕੂਲਾਂ ਦਾ ਜ਼ਿਕਰ ਨਹੀਂ ਕੀਤਾ ਜਿਹੜਾ ਕਿ ਨਿਰਾਸ਼ਾਜਨਕ ਹੈ। ਸੂਬੇ ਦੇ ਸਰਕਾਰੀ ਸਕੂਲਾਂ ਦੇ ਕੁੱਲ ਨਤੀਜੇ ਵਿਚੋਂ ਸਿਰਫ਼ ਸੱਤ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜ਼ਾ 20 ਪ੍ਰਤੀਸ਼ਤ ਰਿਹਾ ਹੈ ਜਿਹੜਾ ਕਿ ਮੈਰੀਟੋਰੀਅਸ ਸਕੂਲਾਂ ਦੀ ਆਪਣੇ ਨਾਂ ਵਾਂਙ ਸ਼ਾਨਦਾਰ ਕਾਰਗੁਜ਼ਾਰੀ ਦਾ ਗਵਾਹ ਹੈ।
ਇਸ ਲਈ ਸਰਕਾਰ ਨੂੰ ਸਿਆਸੀ ਸੌੜੀ ਸੋਚ ਤੋਂ ਉੱਪਰ ਉੱਠ ਕੇ ਪੰਜਾਬ ਦੇ ਇਹਨਾਂ ਸਕੂਲਾਂ ਨੂੰ ਵੀ ਅਪਨਾਉਣ ਦੀ ਲੋੜ ਹੈ। ਮੈਰੀਟੋਰੀਅਸ ਟੀਚਰਜ਼ ਯੂਨੀਅਨ, ਪੰਜਾਬ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਿੱਥੇ ਮੈਰੀਟੋਰੀਅਸ ਸਕੂਲ ਅਤੇ ਸਕੂਲਾਂ ਦਾ ਸਟਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਿਹਾ ਹੈ ਉਥੇ ਹੀ ਏਨੇ ਚੰਗੇ ਨਤੀਜੇ ਵੀ ਦੇ ਰਿਹਾ ਹੈ। ਜੇਕਰ ਪੰਜਾਬ ਸਰਕਾਰ ਚਾਹੇ ਅਤੇ ਇਹਨਾਂ ਸਕੂਲਾਂ ਵੱਲ ਖ਼ਾਸ ਧਿਆਨ ਦਿੰਦਿਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਦੀ ਪੂਰਤੀ ਕਰੇ ਤਾਂ ਪੰਜਾਬ ਦੇ ਕਿਰਤੀ ਵਰਗ ਤੋਂ ਆਉਣ ਵਾਲ਼ੇ ਹੁਸ਼ਿਆਰ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਧਾਰਨ ਦਾ ਸਿਹਰਾ ਪੰਜਾਬ ਸਰਕਾਰ ਨੂੰ ਹੀ ਜਾਵੇਗਾ।
ਸਿੱਖਿਆ ਦੇ ਖ਼ੇਤਰ ਵਿਚ ਵਿਕਾਸ ਕਰਨ ਦੇ ਚਾਹਵਾਨ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਤੋਂ ਇਹਨਾਂ ਸਕੂਲਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਮੈਰੀਟੋਰੀਅਸ ਸਕੂਲਾਂ ਵੱਲ ਖ਼ਾਸ ਧਿਆਨ ਦੇਣਗੇ ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਮਿਲਣ ਵਿਚ ਕੋਈ ਸਮੱਸਿਆ ਨਾ ਆਵੇ।