ਪੰਜਾਬ ਦੇ ਕ੍ਰਿਕਟ ਦੇ ਸ਼ੌਕੀਨਾਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਨਿਊ ਚੰਡੀਗੜ੍ਹ ਸਥਿਤ ਮੁੱਲਾਂਪੁਰ ਸਟੇਡੀਅਮ ਹੁਣ ਆਪਣੇ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਤਿਆਰ ਹੈ। ਇਸ ਮੈਦਾਨ ‘ਤੇ ਖੇਡਿਆ ਜਾਣ ਵਾਲਾ ਪਹਿਲਾ ਅੰਤਰਰਾਸ਼ਟਰੀ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਹੋਵੇਗਾ। ਇੱਥੇ 14 ਅਤੇ 17 ਸਤੰਬਰ ਨੂੰ ਦੋ ਇੱਕ ਰੋਜ਼ਾ ਮੈਚ ਖੇਡੇ ਜਾਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਤਾਬਿਕ ਭਾਰਤ ਅਤੇ ਆਸਟ੍ਰੇਲੀਆ ਦੀ ਵੂਮੈਨਜ਼ ਟੀਮ ਦੇ ਦਰਮਿਆਨ ਸਤੰਬਰ ਮਹੀਨੇ ਵਿੱਚ ਹੋਣ ਵਾਲੇ ਦੋ ਵਨਡੇ ਮੈਚ ਪਹਿਲਾਂ ਚੇਨਈ ਦੇ M.A. ਚਿਦੰਬਰਮ ਸਟੇਡੀਅਮ ਵਿੱਚ ਖੇਡੇ ਜਾਣੇ ਸਨ। ਪਰ ਉੱਥੇ ਆਉਟਫੀਲਡ ਅਤੇ ਪਿਚਾਂ ਦੀ ਨਵੀਨੀਕਰਨ ਦੀ ਕਾਰਜਵਾਹੀ ਚੱਲ ਰਹੀ ਹੈ। ਇਸ ਕਾਰਨ ਮੈਚਾਂ ਨੂੰ ਮੁੱਲਾਂਪੁਰ ਸਟੇਡੀਅਮ ਵਿੱਚ ਸਥਾਨਾਂਤਰਿਤ ਕਰਨ ਦਾ ਫ਼ੈਸਲਾ ਲਿਆ ਗਿਆ।
ਦੱਸ ਦਈਏ ਕਿ ਟਿਕਟਾਂ ਦੀ ਕੀਮਤ 100 ਰੁਪਏ ਤੋਂ ਸ਼ੁਰੂ ਹੋ ਕੇ 3000 ਰੁਪਏ ਤੱਕ ਹੈ। ਟਿਕਟਾਂ ਦੀ ਵਿੱਕਰੀ ਸ਼ੁਰੂ ਹੋ ਚੁੱਕੀ ਹੈ। ਕ੍ਰਿਕਟ ਪ੍ਰੇਮੀ ਡਿਸਟ੍ਰਿਕਟ ਐਪ ਅਤੇ ਪੀ.ਸੀ.ਏ. ਦੀ ਵੈਬਸਾਈਟ ਤੋਂ ਟਿਕਟ ਬੁੱਕ ਕਰ ਸਕਦੇ ਹਨ।