ਪੰਜਾਬ ਦੇ ਲੁਧਿਆਣਾ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਣੀਆਂ ਹਨ। ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ। ਹੁਣ ਸਿਆਸੀ ਪਾਰਟੀਆਂ ਦੇ ਆਗੂ ਅਤੇ ਉਨ੍ਹਾਂ ਦੇ ਸਮਰਥਕ ਸ਼ਹਿਰ ਵਿੱਚ ਸ਼ਰਾਬ ਅਤੇ ਰਾਸ਼ਨ ਵੰਡਣ ਵਿੱਚ ਲੱਗੇ ਹੋਏ ਹਨ। ਇਸੇ ਦੌਰਾਨ ਬੀਤੀ ਰਾਤ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ GNE ਕਾਲਜ ਦੇ ਅੰਦਰ ਭਾਜਪਾ ਸਮਰਥਕ ਦੀ ਗੱਡੀ ਨੂੰ ਘੇਰ ਲਿਆ।
ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮਰਾਡੋ ਪੁਲੀਸ ਚੌਕੀ ਇੰਚਾਰਜ ਨੂੰ ਮੌਕੇ ‘ਤੇ ਬੁਲਾਇਆ ਗਿਆ। ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਇੱਕ ਪੇਟੀ ਸ਼ਰਾਬ ਬਰਾਮਦ ਹੋਈ।
ਜਾਣਕਾਰੀ ਦਿੰਦਿਆਂ MLA ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਾਰਡ ਨੰਬਰ 38 ਤੋਂ ਭਾਜਪਾ ਉਮੀਦਵਾਰ ਗੁਰਨਾਮ ਸਿੰਘ ਲੋਹਾਰਾ ਦੇ ਪੋਸਟਰ ਵਾਲੀ ਇੱਕ ਕਾਰ ਇਲਾਕੇ ਵਿੱਚ ਸ਼ਰਾਬ ਵੰਡ ਰਹੀ ਹੈ। ਸੂਚਨਾ ਮਿਲਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਕਾਰ ਚਾਲਕ ਦਾ ਪਿੱਛਾ ਕੀਤਾ ਗਿਆ ਤਾਂ ਉਹ ਤੁਰੰਤ ਕਾਰ ਲੈ ਕੇ GNE ਕਾਲਜ ਵਿੱਚ ਦਾਖ਼ਲ ਹੋ ਗਿਆ।
ਕਾਲਜ ਦੇ ਗੇਟ ਮੈਨ ਨੇ ਵੀ ਉਸ ਨੂੰ ਨਹੀਂ ਰੋਕਿਆ। ਪਰ ਜਦੋਂ ਮੀਡੀਆ ਅਤੇ ਹੋਰ ਲੋਕ ਕਾਲਜ ਦੇ ਬਾਹਰ ਇਕੱਠੇ ਹੋਏ ਤਾਂ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਕਾਰ ਚਾਲਕ ਗੱਡੀ ਨੂੰ ਪਿੱਛੇ ਛੱਡ ਕੇ ਫ਼ਰਾਰ ਹੋ ਗਿਆ। ਫਿਲਹਾਲ ਕਾਰ ‘ਚੋਂ ਸਿਰਫ ਇਕ ਪੇਟੀ ਸ਼ਰਾਬ ਮਿਲੀ ਹੈ। ਕਾਰ ਨੂੰ ਪੁਲਿਸ ਅਧਿਕਾਰੀਆਂ ਨੇ ਟੋਅ ਕਰ ਲਿਆ ਹੈ। ਨਗਰ ਨਿਗਮ ਚੋਣਾਂ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੰਡਣ ਦਿੱਤਾ ਜਾਵੇਗਾ।