ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਮੁੜ ਚਾਲੂ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਕਿਹਾ ਸੀ ਕਿ ਟੋਲ ਪਲਾਜ਼ੇ ਨੂੰ ਫ੍ਰੀ ਕਰਵਾਇਆ ਗਿਆ ਹੈ ਕਿਉਂਕਿ ਰਾਹੋਂ ਰੋਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਜਿਸ ਕਰਕੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਲੈ ਕੇ ਲਾਢੋਵਾਲ ਪਲਾਜ਼ਾ ਘੇਰਾਂਗੇ ਤੇ ਉਸ ਨੂੰ ਫ੍ਰੀ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਮੰਗਾਂ ਮੰਨੀਆਂ ਜਾਣ। ਹੁਣ ਟੋਲ ਪਲਾਜ਼ੇ ਦੇ ਮੈਨੇਜਰ ਨਾਲ ਗੱਲਬਾਤ ਹੋਈ ਹੈ ਤੇ ਅਧਿਕਾਰੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਕਿਸਾਨ ਆਗੂ ਉੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਸੀ। ਕਿਸਾਨਾਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਪਿੰਡ ਮੰਗਲੀ ਤੋਂ ਲਾਡੋਵਾਲ ਟੋਲ ਤੱਕ ਸੜਕ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਾਰਨ ਵਸਨੀਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਰਾਹੋਂ ਰੋਡ ਦੀ ਹਾਲਤ ਇੰਨੀ ਮਾੜੀ ਹੈ ਕਿ ਕੋਈ ਵੀ ਵਾਹਨ ਨਹੀਂ ਚਲਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਰਾਹੋਂ ਰੋਡ ਪਾਰ ਕਰਨ ਵਾਲੀ ਗਰਭਵਤੀ ਔਰਤ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਸ਼ਾਮ ਨੂੰ ਪਿੰਡ ਮੰਗਲੀ ਤੋਂ ਬਸਤੀ ਜੋਧੇਵਾਲ ਚੌਕ ਤੱਕ ਸੜਕਾਂ ‘ਤੇ ਵਿਕਰੇਤਾਵਾਂ ਦੀ ਮੌਜੂਦਗੀ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ।
SDM ਜਸਨੀਤ ਕੌਰ ਨੇ ਦੱਸਿਆ ਕਿ ਰਾਹੋਂ ਰੋਡ ਦੇ ਕੁਝ ਪਿੰਡ ਵਾਲੇ ਟੋਲ ਪਲਾਜ਼ੇ ‘ਤੇ ਆਏ ਸਨ। ਉਨ੍ਹਾਂ ਦੀ ਮੰਗ ਹੈ ਕਿ ਸੜਕ ਦੀ ਮੁਰੰਮਤ ਕੀਤੀ ਜਾਵੇ ਕਿਉਂਕਿ ਸੜਕ ਦੀ ਹਾਲਤ ਬਹੁਤ ਖਰਾਬ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਪਹਿਲਾਂ ਹੀ ਹੁਕਮ ਦੇ ਚੁੱਕੇ ਹਨ ਕਿ ਕਬਜ਼ੇ ਹਟਾਏ ਜਾਣ। ਰਾਹੋਂ ਰੋਡ ‘ਤੇ ਫੋਨ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਬਿਜਲੀ ਦੇ ਖੰਭੇ ਹਟਾਉਣੇ ਪੈਣਗੇ। ਖੰਭੇ ਉਦੋਂ ਹੀ ਹਟਣਗੇ ਜਦੋਂ ਬਿਜਲੀ ਸਪਲਾਈ ਬੰਦ ਕਰਕੇ ਕੱਟ ਲਗਾਏ ਜਾਣਗੇ।ਇਹ ਲੰਬੀ ਪ੍ਰਕਿਰਿਆ ਹੈ, ਇਸੇ ਵਜ੍ਹਾ ਤੋਂ ਸੜਕ ਦਾ ਕੰਮ ਰੁਕਿਆ ਹੋਇਆ ਸੀ।
ਹੁਣ ਕਿਸਾਨਾਂ ਦੀ ਮੰਗ ਮੁਤਾਬਕ ਜਿਥੇ ਖੰਭੇ ਨਹੀਂ ਆ ਰਹੇ ਉਥੋਂ ਸੜਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਟੁੱਟੀਆਂ ਹੋਈਆਂ ਸੜਕਾਂ ‘ਤੇ ਪੈਚਵਰਕ ਵੀ ਕਰਵਾਇਆ ਜਾਵੇਗਾ। ਸੜਕ ਬਣਾਉਣ ਲਈ ਪੈਸਾ ਪਹਿਲਾਂ ਹੀ ਪਾਸ ਹੋ ਚੁੱਕਾ ਹੈ ਸਿਰਫ ਪ੍ਰਾਜੈਕਟ ਵਿਚ ਥੋੜ੍ਹਾ ਬਦਲਾਅ ਕੀਤਾ ਗਿਆ ਸੀ।