ਲੁਧਿਆਣਾ ਵਿੱਚ ਦੇਰ ਰਾਤ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਨੂੰ ਅੱਗ ਲੱਗ ਗਈ। ਵਿਦਿਆਰਥੀ ਹੰਗਾਮਾ ਕਰ ਰਹੇ ਸਨ। ਇਸ ਦੌਰਾਨ ਉਸ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਵਿਦਿਆਰਥੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਗੱਡੀ ਨੂੰ ਅੱਗ ਲੱਗਣ ਕਾਰਨ ਲੰਮਾ ਟਰੈਫਿਕ ਜਾਮ ਲੱਗ ਗਿਆ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।
ਦੱਸ ਦਈਏ ਕਿ ਘਟਨਾ ਦੇਰ ਰਾਤ 10:45 ਵਜੇ ਵਾਪਰੀ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਗੱਡੀ ‘ਚ ਨਾਈਜੀਰੀਅਨ ਵਿਦਿਆਰਥੀ ਮੌਜੂਦ ਸਨ। ਉਹ ਮਸਤੀ ਕਰ ਰਿਹੇ ਸਨ। ਉਹਨਾਂ ਦੀ ਕਾਰ ਦੀ ਰਫ਼ਤਾਰ ਕਾਫ਼ੀ ਸੀ। ਫ਼ਿਰੋਜ਼ਪੁਰ ਰੋਡ ਇਆਲੀ ਚੌਕ ਚੁੰਗੀ ਨੇੜੇ ਉਹਨਾਂ ਦੀ ਕਾਰ ਸੰਤੁਲਨ ਗੁਆ ਬੈਠੀ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਇੰਜਣ ‘ਚ ਧਮਾਕਾ ਹੋਇਆ ਅਤੇ ਬੋਨਟ ‘ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਹ ਦੇਖ ਕੇ ਵਿਦਿਆਰਥੀਆਂ ਨੇ ਕਾਰ ‘ਚੋਂ ਛਾਲ ਮਾਰ ਦਿੱਤੀ। ਬਾਅਦ ਵਿੱਚ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਇੱਕ ਵਿਦਿਆਰਥੀ ਵੀ ਜ਼ਖਮੀ ਹੋ ਗਿਆ।
ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ। ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਕਾਰ ਸੜ ਚੁੱਕੀ ਸੀ। ਥਾਣਾ ਸਰਾਭਾ ਨਗਰ ਦੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਖੁਦ ਮੌਕੇ ’ਤੇ ਗਿਆ ਸੀ। ਇਹ ਕਾਰ ਕਿਸਦੀ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਕੋਈ ਵਿਅਕਤੀ ਨਹੀਂ ਮਿਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।