ਪੰਜਾਬ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਚਾਰੇ ਕਾਂਗਰਸੀ ਆਗੂਆਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਇਸ ਸਮੇਂ ਚਾਰੇ ਆਗੂ ਨਾਭਾ ਜੇਲ੍ਹ ਵਿੱਚ ਬੰਦ ਹਨ। ਚਾਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਚਾਰਾਂ ਆਗੂਆਂ ਦੀ ਜ਼ਮਾਨਤ ਪਟੀਸ਼ਨ ’ਤੇ ਸਿਵਲ ਜੱਜ ਤਨਿਸ਼ਠ ਗੋਇਲ ਦੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਚਾਰਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ।
ਦੱਸ ਦੇਈਏ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਬਿੱਟੂ, ਆਸ਼ੂ, ਲੁਧਿਆਣਾ ਕਾਂਗਰਸ ਪ੍ਰਧਾਨ ਸੰਜੇ ਤਲਵਾਰ ਅਤੇ ਸ਼ਾਮ ਸੁੰਦਰ ਮਲਹੋਤਰਾ ਨੇ ਮੰਗਲਵਾਰ ਨੂੰ ਆਪਣੀ ਗ੍ਰਿਫਤਾਰੀ ਦਿੱਤੀ ਸੀ। 27 ਫਰਵਰੀ ਨੂੰ ਸੰਸਦ ਮੈਂਬਰ ਬਿੱਟੂ ਅਤੇ ਆਸ਼ੂ ਨੇ ਕਾਂਗਰਸੀਆਂ ਨਾਲ ਮਿਲ ਕੇ ਨਗਰ ਨਿਗਮ ਜ਼ੋਨ-ਏ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਸੀ। ਅਗਲੇ ਦਿਨ 28 ਫਰਵਰੀ ਨੂੰ ਪੁਲੀਸ ਨੇ ਬਿੱਟੂ, ਆਸ਼ੂ, ਤਲਵਾੜ ਅਤੇ ਸ਼ਾਮ ਸੁੰਦਰ ਮਲਹੋਤਰਾ ਸਮੇਤ 50 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।
ਪੁਲੀਸ ਵੱਲੋਂ ਦਰਜ ਐਫਆਈਆਰ ਦੇ ਵਿਰੋਧ ਵਿੱਚ 5 ਮਾਰਚ ਨੂੰ ਕਾਂਗਰਸੀ ਆਗੂਆਂ ਨੇ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ ਸਨ। ਇਸ ਦੌਰਾਨ ਕਰੀਬ ਅੱਧਾ ਘੰਟਾ ਪੁਲੀਸ ਨਾਲ ਆਗੂਆਂ ਤੇ ਸਮਰਥਕਾਂ ਵਿਚਾਲੇ ਹੱਥੋਪਾਈ ਹੋਈ। ਪੁਲੀਸ ਬੈਰੀਕੇਡ ਪਾਰ ਕਰ ਰਹੇ ਆਗੂਆਂ ਨੂੰ ਚੁੱਕ ਕੇ ਬੱਸਾਂ ਅਤੇ ਵਾਹਨਾਂ ਵਿੱਚ ਥਾਣੇ ਲੈ ਗਈ।