ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਪੁਲਿਸ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਕੇ 200-200 ਤੇ 100 ਰੁਪਏ ਦੇ ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਉਹ ਧੜਾਧੜ ਨੋਟ ਛਾਪਦੇ ਤੇ ਫਿਰ ਲੋਕਾਂ ਤੋਂ ਅਸਲੀ ਕਰੰਸੀ ਲੈ ਕੇ ਦੁਗੱਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਸਨ।
ਪੁਲਿਸ ਵੱਲੋਂ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਉਸਦਾ ਇਕ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸਾਥੀ ਬਖਤੌਰ ਸਿੰਘ ਵਾਸੀ ਪਿੰਡ ਲੁਹਾਰਾ, ਮੋਗਾ ਫਰਾਰ ਚੱਲ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਕੋਲੋਂ 5 ਲੱਖ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਏਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁਲਿਸ ਵੱਲੋਂ ਕਾਰ ਵਿੱਚੋਂ 200-200 ਰੁਪਏ ਦੇ ਨੋਟਾਂ ਦੇ 16 ਬੰਡਲ ਹਰੇਕ ਵਿੱਚ 100 ਨੋਟ ਤੇ 100-100 ਰੁਪਏ ਦੇ ਨੋਟਾਂ ਦੇ 19 ਬੰਡਲ ਹਰੇਕ ਵਿੱਚ 100 ਨੋਟ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਮੁੱਲ 5 ਲੱਖ 10 ਹਜ਼ਾਰ ਰੁਪਏ ਹੈ।
ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਓਰੀਐਂਟ ਸਿਨੇਮਾ ਭਾਈ ਰਣਧੀਰ ਸਿੰਘ ਨਗਰ ਤੋਂ ਇੱਕ ਆਈ-20 ਕਾਰ ਵਿੱਚ ਆ ਰਹੇ ਸੋਹਣ ਸਿੰਘ ਸੋਨੀ ਵਾਸੀ ਅਗਵਾੜ ਲੁਦਾਈ ਜਗਰਾਓਂ ਤੇ ਮਨਦੀਪ ਸਿੰਘ ਮਨੂੰ ਵਾਸੀ ਰਾਏਕੋਟ ਰੋਡ ਅਗਵਾੜ ਗੁੱਜਰਾਂ ਜਗਰਾਓਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਨਕਲੀ ਨੋਟ ਤਿਆਰ ਕਰਨ ਦਾ ਨਾਜਾਇਜ਼ ਧੰਦਾ ਕਰਦੇ ਹਨ ਤੇ ਭੋਲੇ ਭਾਲੇ ਲੋਕਾਂ ਤੋਂ ਅਸਲੀ ਕਰੰਸੀ ਲੈ ਕੇ ਦੁਗੱਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।