ਪੰਜਾਬ ਦੇ ਲੁਧਿਆਣਾ ਵਿੱਚ ਡੀਐਸਪੀ ਦਿਲਪ੍ਰੀਤ ਸਿੰਘ (50) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿਲਪ੍ਰੀਤ ਮਲੇਰਕੋਟਲਾ ਵਿੱਚ ਤਾਇਨਾਤ ਸੀ। ਵੀਰਵਾਰ ਨੂੰ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਨੇੜੇ ਇਕ ਲਗਜ਼ਰੀ ਹੋਟਲ ਦੇ ਜਿੰਮ ‘ਚ ਕਸਰਤ ਕਰਦੇ ਸਮੇਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦਿਲਪ੍ਰੀਤ ਸਿੰਘ ਰਾਸ਼ਟਰੀ ਪੱਧਰ ਦਾ ਤੈਰਾਕ ਸੀ। ਉਸ ਦੀ ਭੈਣ ਅੰਤਰਰਾਸ਼ਟਰੀ ਪੱਧਰ ਦੀ ਤੈਰਾਕ ਰਹੀ ਹੈ। ਦਿਲਪ੍ਰੀਤ ਸਿੰਘ 1992 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਭਰਤੀ ਹੋਇਆ ਸੀ। ਉਹ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਸੇਵਾ ਨਿਭਾਅ ਚੁੱਕੇ ਹਨ। 2019 ਵਿੱਚ, ਉਹ ਤਰੱਕੀ ਪ੍ਰਾਪਤ ਕਰਕੇ ਏਸੀਪੀ ਬਣ ਗਿਆ।
ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਈ ਵੱਡੇ ਕੇਸ ਹੱਲ ਕੀਤੇ ਸਨ। ਇਸ ਵਿੱਚ ਬਰਖ਼ਾਸਤ ਸਿਪਾਹੀ ਦੀ ਗ੍ਰਿਫ਼ਤਾਰੀ ਨਾਲ ਫਰਜ਼ੀ ਫ਼ੌਜੀ ਨੌਕਰੀ ਘੁਟਾਲੇ ਦਾ ਪਰਦਾਫਾਸ਼ ਹੋਇਆ। ਇਸ ਗਰੋਹ ਨੇ ਕਈ ਨੌਜਵਾਨਾਂ ਨੂੰ ਫੌਜ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰੀ ਸੀ। ਇਸ ਦੇ ਨਾਲ ਹੀ ਲੁਧਿਆਣਾ ਦੇ ਜੌਹਰੀ ਅਤੇ ਉਸ ਦੀ ਪਤਨੀ ਦੇ ਦੋਹਰੇ ਕਤਲ ਕਾਂਡ ਨੂੰ ਵੀ ਸੁਲਝਾ ਲਿਆ ਗਿਆ। ਉਸ ਦੀ ਮੌਤ ਦੀ ਖ਼ਬਰ ਨਾਲ ਪੁਲਿਸ ਮੁਲਾਜ਼ਮਾਂ ‘ਚ ਸੋਗ ਦੀ ਲਹਿਰ ਹੈ।